ਪ੍ਰਸ਼ੋਤਮ ਬੱਲੀ
ਬਰਨਾਲਾ, 3 ਮਈ
ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਬਰਨਾਲਾ ਰਿਹਾਇਸ਼ ਅੱਗੇ ਆਪਣੀਆਂ ਮੰਗਾਂ ਦੀ ਪੂਰਤੀ ਲਈ ਮਰਨ ਵਰਤ ’ਤੇ ਬੈਠੇ ਓਵਰਏਜ਼ ਬੇਰੁਜ਼ਗਾਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਰਮਨ ਕੁਮਾਰ ਮਲੋਟ ਦਾ ਮਰਨ ਵਰਤ ਤੀਸਰੇ ਦਿਨ ਮੰਤਰੀ ਦੇ ਪਿਤਾ ਚਮਕੌਰ ਸਿੰਘ ਵੱਲੋਂ ਜੂਸ ਪਿਲਾ ਕੇ ਤੁੜਵਾਇਆ ਦਿੱਤਾ ਗਿਆ। ਯੂਨੀਅਨ ਦੀ ਮੁੱਖ ਮੰਗ ਮਾਸਟਰ ਕੇਡਰ 4161 ਪੋਸਟਾਂ ਵਿੱਚ ਉਮਰ ਹੱਦ ’ਚ 5 ਸਾਲ ਦੀ ਛੋਟ ਦੇ ਕੇ ਓਵਰਏਜ ਹੋਇਆਂ ਨੂੰ ਅਪਲਾਈ ਕਰਨ ਦਾ ਮੌਕਾ ਦਿੱਤਾ ਜਾਵੇ ਅਤੇ ਸਾਰੇ ਵਿਸ਼ਿਆਂ ਦੀਆਂ ਅਸਾਮੀਆਂ ਵਿੱਚ ਵਾਧਾ ਕੀਤਾ ਜਾਵੇ, ਸਬੰਧੀ ਮੰਤਰੀ ਦੇ ਪਿਤਾ ਚਮਕੌਰ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਬੇਟਾ ਮੀਤ ਹੇਅਰ ਤੁਹਾਡੀਆਂ ਮੰਗਾਂ ਪ੍ਰਤੀ ਪੂਰੇ ਸੰਵੇਦਨਸ਼ੀਲ ਹੈ ਤੇ ਮੰਗਾਂ ਜਲਦ ਪੂਰੀਆਂ ਕਰਨ ਬਾਰੇ ਚਾਰਾਜੋਈ ਤੇਜ਼ ਕੀਤੀ ਜਾਵੇਗੀ। ਇਸ ਸਬੰਧੀ 9 ਮਈ ਨੂੰ ਯੂਨੀਅਨ ਨਾਲ ਪੈਨਲ ਮੀਟਿੰਗ ਫਿਕਸ ਕਰਵਾ ਦਿੱਤੀ ਗਈ ਹੈ ਜਿਸ ਵਿੱਚ ਮੰਗਾਂ ਪ੍ਰਤੀ ਚਰਚਾ ਉਪਰੰਤ ਫੈਸਲੇ ਲਏ ਜਾਣ ਦੀ ਸੰਭਾਵਨਾ ਹੈ। ਇਸ ਮੌਕੇ ਡੀ.ਐੱਸ.ਪੀ. ਰਾਜੇਸ਼ ਸਨੇਹੀ ਤੋਂ ਇਲਾਵਾ ਓਵਰਏਜ਼ ਯੂਨੀਅਨ ਦੇ ਰਣਵੀਰ ਸਿੰਘ ਨਦਾਮਪੁਰ, ਕੁਲਵਿੰਦਰ ਸਿੰਘ ਨਦਾਮਪੁਰ, ਜਸਕਰਨ ਦੋਦਾ, ਤਜਿੰਦਰ ਸਿੰਘ ਮਾਨ, ਇੰਦਰਜੀਤ ਸਿੰਘ ਗੁਰਦਾਸਪੁਰ, ਹਾਕਮ ਸਿੰਘ ਆਦਿ ਹਾਜ਼ਰ ਸਨ।