ਕਰਮਜੀਤ ਸਿੰਘ ਚਿੱਲਾ
ਬਨੂੜ, 3 ਅਪਰੈਲ
ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਅੱਜ ਟੌਲ ਪਲਾਜ਼ਾ ਅਜ਼ੀਜ਼ਪੁਰ ਦੇ ਅਧਿਕਾਰੀਆਂ ਨੂੰ ਮੰਗ ਪੱਤਰ ਦੇ ਕੇ ਟੌਲ ਦੀਆਂ ਵਧਾਈਆਂ ਦਰਾਂ ਵਾਪਿਸ ਲੈਣ ਦੀ ਮੰਗ ਕੀਤੀ।
ਇਸ ਮੌਕੇ ਕਿਸਾਨ ਆਗੂਆਂ ਨੇ ਟੌਲ ਪਲਾਜ਼ੇ ਦੇ ਵੀਹ ਕਿਲੋਮੀਟਰ ਦੇ ਘੇਰੇ ਦੇ ਵਸਨੀਕਾਂ ਨੂੰ ਆਧਾਰ ਕਾਰਡ ਦੇ ਆਧਾਰ ਉੱਤੇ ਬਿਨਾਂ ਕਿਸੇ ਟੌਲ ਪਰਚੀ ਤੋਂ ਲੰਘਾਏ ਜਾਣ ਦੀ ਮੰਗ ਵੀ ਕੀਤੀ। ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਾ ਹੋਈਆਂ ਤਾਂ ਕਿਸਾਨ ਟੌਲ ਪਲਾਜ਼ੇ ਉੱਤੇ ਧਰਨੇ ਆਰੰਭ ਕਰਨ ਤੋਂ ਗੁਰੇਜ਼ ਨਹੀਂ ਕਰਨਗੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਫਾਸਟ ਟੈਗ ਤੋਂ ਸੱਖਣੇ ਵਾਹਨਾਂ ਤੋਂ ਦੁੱਗਣੀ ਵਸੂਲੀ ਬੰਦ ਕੀਤੀ ਜਾਵੇ। ਇਸੇ ਦੌਰਾਨ ਕਿਸਾਨਾਂ ਨੇ ਬਰਸਾਤ ਦੇ ਮੌਸਮ ਵਿੱਚ ਪਈਆਂ ਜ਼ਿਆਦਾ ਬਾਰਿਸ਼ਾਂ ਕਾਰਨ ਖਰਾਬ ਹੋਈ ਕਣਕ ਦੀ ਫ਼ਸਲ ਦੀ ਗਿਰਦਾਵਰੀ ਕਰਾ ਕੇ ਵਿਸ਼ੇਸ਼ ਮੁਆਵਜ਼ੇ ਦੀ ਮੰਗ ਵੀ ਕੀਤੀ।
ਸਿੱਧੂਪੁਰ-ਏਕਤਾ ਗਰੁੱਪ ਦੇ ਕਿਸਾਨ ਆਗੂ ਮਾਨ ਸਿੰਘ ਰਾਜਪੁਰਾ, ਤਰਲੋਚਨ ਸਿੰਘ ਨੰਡਿਆਲੀ, ਗੁਰਜੰਟ ਸਿੰਘ ਬੜੀ, ਜਸਮੇਰ ਸਿੰਘ ਕਬੂਲਪੁਰ, ਕਿਸਾਨ ਸਭਾ ਦੇ ਸੂਬਾਈ ਆਗੂ ਗੁਰਦਰਸ਼ਨ ਸਿੰਘ ਖਾਸਪੁਰ, ਪ੍ਰੇਮ ਸਿੰਘ ਘੜਾਮਾ, ਜਾਗੀਰ ਸਿੰਘ ਹੰਸਾਲਾ, ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੱਤਪਾਲ ਸਿੰਘ ਰਾਜੋਮਾਜਰਾ, ਲੱਖੋਵਾਲ ਗਰੁੱਪ ਦੇ ਆਗੂ ਕੁਲਦੀਪ ਸਿੰਘ ਕੁਰੜੀ ਦੀ ਅਗਵਾਈ ਹੇਠ ਕਿਸਾਨ ਆਗੂਆਂ ਨੇ ਮੰਗ ਪੱਤਰ ਦਿੱਤਾ।