ਪੱਤਰ ਪ੍ਰੇਰਕ
ਜੈਂਤੀਪੁਰ, 13 ਜੁਲਾਈ
ਕਸਬਾ ਜੈਂਤੀਪੁਰ ਵਿੱਚ ਅੱਜ ਦਿਨ ਦਿਹਾੜੇ ਡੇਢ ਵਜੇ ਦੇ ਕਰੀਬ ਹਥਿਆਰਬੰਦ ਲੁਟੇਰੇ ਇੱਕ ਘਰ ਵਿੱਚ ਦਾਖ਼ਲ ਹੋ ਕੇ ਅਠਾਰਾਂ ਲੱਖ ਰੁਪਏ ਅਤੇ ਸੋਨੇ ਦੇ ਗਹਿਣੇ ਲੁੱਟ ਕੇ ਲੈ ਗਏ। ਘਰ ਦੇ ਮਾਲਕ ਸੇਵਾਮੁਕਤ ਲੈਕਚਰਾਰ ਹਰਜੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਘਰ ਬਰਾਂਡੇ ਵਿੱਚ ਮੰਜੇ ’ਤੇ ਪਿਆ ਸੀ ਕਿ ਚਾਰ ਨੌਜਵਾਨ ਆਏ ਤੇ ਪਿਸਤੌਲ ਦਿਖਾ ਕੇ ਕਹਿਣ ਲੱਗੇ ਕਿ ਜੋ ਵੀ ਘਰ ਵਿੱਚ ਪੈਸੇ ਹਨ ਉਹ ਦੇ ਦਿਓ। ਜਦ ਉਸ ਨੇ ਇਨਕਾਰ ਕੀਤਾ ਤਾਂ ਦੋ ਨੌਜਵਾਨ ਅੰਦਰ ਗਏ ਅਤੇ ਅਲਮਾਰੀ ਦਾ ਤਾਲਾ ਤੋੜ ਕੇ ਅਠਾਰਾਂ ਲੱਖ ਰੁਪਏ ਦੀ ਨਕਦੀ ਅਤੇ ਗਹਿਣੇ ਚੁੱਕ ਕੇ ਫ਼ਰਾਰ ਹੋ ਗਏ। ਸਾਰੀ ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਥਾਣਾ ਕੱਥੂਨੰਗਲ ਦੇ ਮੁਖੀ ਹਿਮਾਂਸ਼ੂ ਭਗਤ ਅਤੇ ਪੁਲੀਸ ਚੌਕੀ ਜੈਂਤੀਪੁਰ ਦੇ ਇੰਚਾਰਜ ਜਤਿੰਦਰ ਸਿੰਘ ਨੇ ਕਿਹਾ ਕਿ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲਣ ਮਗਰੋਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।