ਆਤਿਸ਼ ਗੁਪਤਾ
ਚੰਡੀਗੜ੍ਹ, 3 ਅਪਰੈਲ
ਇੱਥੋਂ ਦੇ ਸੈਕਟਰ 17 ਵਿੱਚ ਸਥਿਤ ਪਰੇਡ ਗਰਾਊਂਡ ਵਿੱਚ ਚੱਲ ਰਿਹਾ ‘ਹੁਨਰ ਹਾਟ’ ਦਸ ਦਿਨਾਂ ਬਾਅਦ ਨਾ ਭੁੱਲਣ ਵਾਲੀਆਂ ਯਾਦਾਂ ਛੱਡਦਾ ਹੋਇਆ ਅੱਜ ਸਮਾਪਤ ਹੋ ਗਿਆ। ਇਸ ਮੇਲੇ ਦੇ ਆਖਰੀ ਦਿਨ ਪ੍ਰਸਿੱਧ ਗੀਤਕਾਰ ਸੁਦਸ਼ੇ ਭੌਸਲੇ ਨੇ ਚੰਡੀਗੜ੍ਹੀਆਂ ਨੂੰ ਆਪਣੇ ਗੀਤਾਂ ਰਾਹੀਂ ਕੀਲ ਦਿੱਤਾ। ਸੁਦੇਸ਼ ਭੌਸਲੇ ਦੇ ਗੀਤਾਂ ’ਤੇ ਚੰਡੀਗੜ੍ਹੀਆਂ ਨੇ ਨੱਚ-ਟੱਪ ਕੇ ਕਾਫੀ ਆਨੰਦ ਮਾਣਿਆ।
‘ਹੁਨਰ ਹਾਟ’ ਵਿੱਚ ਦੇਸ਼ ਦੇ 30 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 720 ਤੋਂ ਵੱਧ ਦਸਤਕਾਰ, ਮੂਰਤੀਕਾਰ ਤੇ ਕਲਾਕਾਰ ਹਿੱਸਾ ਲੈ ਰਹੇ ਸਨ। ਮੇਲੇ ਦੇ ਆਖਰੀ ਦਿਨ ਰਾਜ ਸਭਾ ਮੈਂਬਰ ਦੁਸ਼ਯੰਤ ਗੌਤਮ ਨੇ ਵਧੀਆ ਦਸਤਕਾਰਾਂ, ਮੂਰਤੀਕਾਰਾਂ ਤੇ ਕਲਾਕਾਰਾਂ ਨੂੰ 51 ਹਜ਼ਾਰ, 21 ਹਜ਼ਾਰ ਅਤੇ 11 ਹਜ਼ਾਰ ਰੁਪਏ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਚੰਡੀਗੜ੍ਹ ਨਗਰ ਨਿਗਮ ਦੀ ਮੇਅਰ ਸਰਬਜੀਤ ਕੌਰ, ਐਡੀਸ਼ਨਲ ਸੌਲੀਸਿਟਰ ਜਨਰਲ ਸਤਪਾਲ ਜੈਨ, ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਅਰੁਨ ਸੂਦ, ਸੰਜੈ ਟੰਡਨ ਅਤੇ ਹੋਰ ਆਗੂ ਵੀ ਹਾਜ਼ਰ ਸਨ। 25 ਮਾਰਚ ਤੋਂ ਲੈ ਕੇ 3 ਅਪਰੈਲ ਤੱਕ ਚੱਲੇ 39ਵੇਂ ‘ਹੁਨਰ ਹਾਟ’ ਮੇਲੇ ਵਿੱਚ ਚੰਡੀਗੜ੍ਹ, ਪੰਚਕੂਲਾ ਅਤੇ ਮੁਹਾਲੀ ਸਮੇਤ ਆਲੇ-ਦੁਆਲੇ ਦੇ ਇਲਾਕਿਆਂ ਦੇ ਅੱਠ ਲੱਖ ਤੋਂ ਵੱਧ ਲੋਕਾਂ ਨੇ ਪਹੁੰਚ ਕੇ ਆਨੰਦ ਮਾਣਿਆ ਅਤੇ ਖਰੀਦਦਾਰੀ ਕੀਤੀ। ਇਸ ਤੋਂ ਇਲਾਵਾ ਲੋਕਾਂ ਨੇ ਵੱਖ-ਵੱਖ ਸੂਬਿਆਂ ਦੇ ਖਾਣੇ ਦਾ ਮਜ਼ਾ ਵੀ ਲਿਆ।
ਸੈਕਟਰ-17 ਤੇ ਆਲੇ-ਦੁਆਲੇ ਜਾਮ ਲੱਗਿਆ
‘ਹੁਨਰ ਹਾਟ’ ਦੇ ਆਖਰੀ ਦਿਨ ਐਤਵਾਰ ਹੋਣ ਕਾਰਨ ਮੇਲਾ ਦੇਖਣ ਲਈ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ, ਜਿਸ ਕਾਰਨ ਸੈਕਟਰ-17 ਤੇ ਆਲੇ-ਦੁਆਲੇ ਜਾਮ ਵਰਗੇ ਹਾਲਾਤ ਬਣ ਗਏ। ਵਾਹਨ ਸੜਕ ਕੰਢੇ ਖੜ੍ਹੇ ਹੋਣ ਕਰ ਕੇ ਟਰੈਫ਼ਿਕ ਪੁਲੀਸ ਦੇ ਮੁਲਾਜ਼ਮ ਵੀ ਬੇਵੱਸ ਨਜ਼ਰ ਆਏ। ਉੱਥੇ ਹੀ ਸੈਕਟਰ 17, 22 ਅਤੇ ਆਲੇ-ਦੁਆਲੇ ਦੀਆਂ ਸਾਰੀਆਂ ਪਾਰਕਿੰਗਾਂ ਭਰੀਆਂ ਹੋਈਆਂ ਸਨ। ਇਸ ਦੌਰਾਨ ਰਾਹਗੀਰਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।