ਨਵੀਂ ਦਿੱਲੀ, 24 ਦਸੰਬਰ
ਭਾਰਤ ਦੇ ਸਭ ਤੋਂ ਸਫ਼ਲ ਆਫ਼ ਸਪਿੰਨਰ ਹਰਭਜਨ ਸਿੰਘ ਨੇ ਅੱਜ ਕ੍ਰਿਕਟ ਦੇ ਸਾਰੇ ਸਰੂਪਾਂ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ।
41 ਸਾਲਾ ਹਰਭਜਨ ਸਿੰਘ ਨੇ ਕ੍ਰਿਕਟ ਦੇ ਆਪਣੇ ਲੰਬੇ ਕਰੀਅਰ ਵਿਚ 103 ਟੈਸਟ ਮੈਚਾਂ ਵਿਚ 417 ਵਿਕਟਾਂ, 236 ਇਕ ਰੋਜ਼ਾ ਮੈਚਾਂ ਵਿਚ 269 ਵਿਕਟਾਂ ਅਤੇ 28 ਟੀ-20 ਮੈਚਾਂ ਵਿਚ 25 ਵਿਕਟਾਂ ਲਈਆਂ। ਹਰਭਜਨ ਨੇ ਟਵੀਟ ਕੀਤਾ, ‘‘ਸਾਰੀਆਂ ਚੰਗੀਆਂ ਚੀਜ਼ਾਂ ਦਾ ਅੰਤ ਹੁੰਦਾ ਹੈ ਅਤੇ ਅੱਜ ਮੈਂ ਉਸ ਖੇਡ ਨੂੰ ਅਲਵਿਦਾ ਕਹਿਣ ਜਾ ਰਿਹਾ ਹਾਂ ਜਿਸ ਨੇ ਜ਼ਿੰਦਗੀ ਵਿਚ ਮੈਨੂੰ ਸਭ ਕੁਝ ਦਿੱਤਾ। ਮੈਂ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਨੇ ਇਸ 23 ਸਾਲ ਲੰਬੇ ਸਫ਼ਰ ਨੂੰ ਖ਼ੂਬਸੂਰਤ ਤੇ ਯਾਦਗਾਰ ਬਣਾਇਆ।’’ ਹਰਭਜਨ ਨੇ ਕੌਮਾਂਤਰੀ ਕ੍ਰਿਕਟ ਵਿਚ ਆਪਣੇ ਭਵਿੱਖ ਦੀ ਸ਼ੁਰੂਆਤ 1998 ਵਿਚ ਸ਼ਾਰਜਾਹ ’ਚ ਨਿਊਜ਼ੀਲੈਂਡ ਖ਼ਿਲਾਫ ਖੇਡੇ ਗਏ ਇਕ ਰੋਜ਼ਾ ਮੈਚ ਤੋਂ ਕੀਤੀ ਸੀ ਅਤੇ ਉਹ ਭਾਰਤ ਲਈ ਆਖਰੀ ਵਾਰ ਮਾਰਚ 2016 ਵਿਚ ਢਾਕਾ ’ਚ ਯੂਏਈ ਖ਼ਿਲਾਫ਼ ਟੀ20 ਮੈਚ ਵਿਚ ਖੇਡਿਆ ਸੀ। ਉਸ ਦੇ ਕੌਮਾਂਤਰੀ ਭਵਿੱਖ ਦੇ ਸਭ ਤੋਂ ਯਾਦਗਾਰੀ ਪਲ ਉਹ ਸਨ ਜਦੋਂ ਉਸ ਨੇ ਮਾਰਚ 2001 ਵਿਚ ਤਿੰਨ ਟੈਸਟ ਮੈਚਾਂ ਵਿਚ 32 ਵਿਕਟਾਂ ਲਈਆਂ ਸਨ। ਇਸੇ ਦੌਰਾਨ ਆਸਟਰੇਲੀਆ ਖ਼ਿਲਾਫ਼ ਕਿਸੇ ਭਾਰਤੀ ਦੀ ਪਹਿਲੀ ਟੈਸਟ ਹੈਟ੍ਰਿਕ ਹੋਈ ਸੀ। -ਪੀਟੀਆਈ