ਸੰਜੀਵ ਹਾਂਡਾ
ਫ਼ਿਰੋਜ਼ਪੁਰ, 20 ਜਨਵਰੀ
ਸੰਯੁਕਤ ਸਮਾਜ ਮੋਰਚਾ ਨੇ ਅੱਜ ਫ਼ਿਰੋਜ਼ਪੁਰ ਸ਼ਹਿਰੀ ਹਲਕੇ ਤੋਂ ਆਪਣਾ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰ ਦਿੱਤਾ ਹੈ। ਮੱਲਾਂਵਾਲਾ ਰੋਡ ’ਤੇ ਸਥਿਤ ਬਸਤੀ ਤੇਗਾ ਸਿੰਘ ਵਾਲੀ ਦੇ ਵਸਨੀਕ ਨੌਜਵਾਨ ਲਖਵਿੰਦਰ ਸਿੰਘ ਨੂੰ ਪਾਰਟੀ ਵੱਲੋਂ ਆਪਣਾ ਉਮੀਦਵਾਰ ਚੁਣਿਆ ਗਿਆ ਹੈ। ਲਖਵਿੰਦਰ ਸਿੰਘ ਨੇ ਪਿਛਲੇ ਦਿਨੀਂ ਦਿੱਲੀ ਵਿਚ ਲੱਗੇ ਕਿਸਾਨ ਮੋਰਚੇ ਦੌਰਾਨ ਸਰਗਰਮ ਭੂਮਿਕਾ ਨਿਭਾਈ ਸੀ। ਇਸ ਪਿੰਡ ਵਿਚ ਸਿਰਫ਼ ਇੱਕ ਘਰ ਨੂੰ ਛੱਡ ਕੇ ਬਾਕੀ ਸਾਰੇ ਘਰ ਕੰਬੋਜ ਸਿੱਖ ਬਰਾਦਰੀ ਨਾਲ ਸਬੰਧ ਰੱਖਦੇ ਹਨ ਅਤੇ ਇੱਥੇ ਹਰ ਵਾਰ ਸਰਪੰਚ ਦੀ ਚੋਣ ਸਰਬਸੰਮਤੀ ਨਾਲ ਹੁੰਦੀ ਆਈ ਹੈ।
ਉੱਧਰ, ਦੂਜੇ ਪਾਸੇ ਦਿਹਾਤੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਸਾਬਕਾ ਉਮੀਦਵਾਰ ਆਸ਼ੂ ਬੰਗੜ ਜੋ ਕਿ ਦੋ ਦਿਨ ਪਹਿਲਾਂ ਪਾਰਟੀ ਛੱਡ ਕੇ ਕਾਂਗਰਸ ਵਿਚ ਸ਼ਾਮਲ ਹੋ ਗਏ ਸਨ, ਦੇ ਹੋਰਡਿੰਗ ’ਤੇ ਅੱਜ ਕੁਝ ਲੋਕਾਂ ਨੇ ਕਾਲਖ਼ ਮਲ ਦਿੱਤੀ। ਇਸ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਹੈੈ। ਆਸ਼ੂ ਹੁਣ ਕਾਂਗਰਸ ਦੀ ਟਿਕਟ ’ਤੇ ਦਿਹਾਤੀ ਹਲਕੇ ਤੋਂ ਚੋਣ ਮੈਦਾਨ ਵਿੱਚ ਉਤਾਰੇ ਗਏ ਹਨ। ਆਸ਼ੂ ਦੇ ਪਾਰਟੀ ਬਦਲਣ ਨਾਲ ਉਨ੍ਹਾਂ ਦੇ ਸਮਰਥਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਆਸ਼ੂ ਦੀ ਇੱਕ ਆਡੀਓ ਕਾਲ ਦੀ ਰਿਕਾਰਡਿੰਗ ਵੀ ਅੱਜ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋਈ ਜਿਸ ਵਿਚ ਉਨ੍ਹਾਂ ਦਾ ਇੱਕ ਸਮਰਥਕ ਆਸ਼ੂ ਨੂੰ ਪਾਰਟੀ ਬਦਲਣ ’ਤੇ ਸ਼ਰਮਿੰਦਾ ਕਰ ਰਿਹਾ ਹੈ ਅਤੇ ਉਸ ਦੀ ਖੁੱਲ੍ਹ ਕੇ ਮੁਖਾਲਫ਼ਤ ਕਰਨ ਦੀ ਗੱਲ ਵੀ ਆਖ ਰਿਹਾ ਹੈ। ਇਸ ਜ਼ਿਲ੍ਹੇ ਅੰਦਰ ਵੱਡੀਆਂ ਸਿਆਸੀ ਪਾਰਟੀਆਂ ਵੱਲੋਂ ਆਪਣੇ ਉਮੀਦਵਾਰ ਐਲਾਨੇ ਜਾ ਚੁੱਕੇ ਹਨ ਤੇ ਹੁਣ ਸਿਆਸੀ ਮੈਦਾਨ ਭੱਖਦਾ ਨਜ਼ਰ ਆ ਰਿਹਾ ਹੈ।