ਪੱਤਰ ਪ੍ਰੇਰਕ
ਮਾਨਸਾ, 20 ਜਨਵਰੀ
ਵਿਧਾਨ ਸਭਾ ਹਲਕਾ ਮਾਨਸਾ ਤੋਂ ਕਾਂਗਰਸੀ ਉਮੀਦਵਾਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੇ ਕਿਹਾ ਕਿ ਇਸ ਹਲਕੇ ਤੋਂ ਸਫਲ ਹੋਣ ਤੋਂ ਬਾਅਦ ਇਸ ਨੂੰ ਸਿੱਖਿਆ ਅਤੇ ਮੈਡੀਕਲ ਖੇਤਰ ਵਿੱਚ ਅੱਗੇ ਲੈਕੇ ਜਾਵਾਂਗਾ। ਉਨ੍ਹਾਂ ਕਿਹਾ ਕਿ ਮਾਨਸਾ ਸਿੱਖਿਆ, ਸਿਹਤ ਸਹੂਲਤਾਂ ਅਤੇ ਉਚ ਸਿੱਖਿਆ ਨੂੰ ਲੈਕੇ ਕਾਫ਼ੀ ਪਛੜਿਆ ਹੋਇਆ ਹੈ ਅਤੇ ਨੌਜਵਾਨਾਂ ਦੇ ਪੜ੍ਹਨ ਲਈ ਕੋਈ ਵੱਡਾ ਸਰਕਾਰੀ ਕਾਲਜ ਨਹੀਂ। ਉਹ ਅੱਜ ਇਥੇ ਟਕਸਾਲੀ ਕਾਂਗਰਸੀ ਨੇਤਾਵਾਂ ਨੂੰ ਆਪਣੇ ਨਾਲ ਲੈ ਕੇ ਚੋਣ ਪ੍ਰਚਾਰ ਮੁਹਿੰਮ ਦੌਰਾਨ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ।
ਸਿੱਧੂ ਮੂਸੇਵਾਲਾ ਨੇ ਆਪਣੇ ਲਈ ਵੋਟਾਂ ਮੰਗਦਿਆਂ ਵਾਰਡ ਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਵਾਰਡ ਤੋਂ ਇਲਾਵਾ ਸਮੁੱਚੇ ਸ਼ਹਿਰ ਨੂੰ ਇੱਕ ਨਕਸ਼ੇ ਦੇ ਤੌਰ ’ਤੇ ਲੈਕੇ ਜਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਵੱਖ-ਵੱਖ ਪਿੰਡਾਂ ਤੇ ਸ਼ਹਿਰ ਦੇ ਵਾਰਡਾਂ ਅੰਦਰ ਪੰਜਾਬ ਸਰਕਾਰ ਵੱਲੋਂ ਭੇਜੀਆਂ ਗ੍ਰਾਂਟਾਂ ਵੰਡ ਚੁੱਕੇ ਹਨ, ਹੁਣ ਉਨ੍ਹਾਂ ਦਾ ਇੱਕ ਟੀਚਾ ਹੈ ਕਿ ਬਬਾ ਭਾਈ ਗੁਰਦਾਸ ਰੋਡ ’ਤੇ ਬਣਿਆ ਟੌਭਾ ਚੁੱਕ ਕੇ ਉਥੇ ਕੋਈ ਵਧੀਆ ਪਾਰਕ, ਖੇਡ ਸਟੇਡੀਅਮ ਬਣਾਉਣ ਤੋਂ ਇਲਾਵਾ ਸ਼ਹਿਰ ਨੂੰ ਬਾਰਿਸ਼ ਦੇ ਪਾਣੀ ਤੋਂ ਨਿਯਾਤ ਦਿਵਾਈ ਜਾਵੇ ਅਤੇ ਵਿਧਾਨ ਸਭਾ ਪਹੁੰਚ ਕੇ ਹੀ ਉਹ ਇਸ ਦੀ ਪਹਿਲਕਦਮੀ ਕਰਨਗੇ।
ਸਿੱਧੂ ਮੂਸੇਵਾਲਾ ਵੱਲੋਂ ਪਾਰਟੀ ਵਰਕਰਾਂ ਨਾਲ ਮੀਟਿੰਗ
ਭੀਖੀ: ਹਲਕਾ ਮਾਨਸਾ ਤੋਂ ਕਾਂਗਰਸੀ ਉਮੀਦਵਾਰ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਨੇ ਸਥਾਨਕ ਕਸਬੇ ਦੇ ਮੋਹਤਵਰ ਕਾਂਗਰਸੀ ਵਰਕਰਾਂ ਨਾਲ ਵੋਟ ਮੀਟਿੰਗ ਕੀਤੀ। ਆਉਣ ਵਾਲੇ ਦਿਨਾਂ ਵਿੱਚ ਭੀਖੀ ਚੋਣ ਦਫ਼ਤਰ ਖੋਲ੍ਹਣ ਸਬੰਧੀ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਮਾਨਸਾ ਜ਼ਿਲ੍ਹੇ ਦੇ ਵਿਕਾਸ ਲਈ ਉਹ ਸਿਆਸੀ ਖੇਤਰ ਵਿੱਚ ਆਏ ਹਨ, ਸਮੂਹ ਕਾਂਗਰਸੀ ਵਰਕਰਾਂ ਮਿਲ ਕੇ ਚੱਲਣ ਦੀ ਅਪੀਲ ਕੀਤੀ। ਕਾਂਗਰਸੀ ਆਗੂ ਸੰਦੀਪ ਮਹਿਤਾ ਨੇ ਕਿਹਾ ਕਿ ਸਮੂਹ ਕਾਂਗਰਸੀ ਵਰਕਰ ਕਾਂਗਰਸ ਹਾਈ ਕਮਾਂਡ ਦੇ ਫੈਸਲੇ ਅਨੁਸਾਰ ਮਾਨਸਾ ਹਲਕਾ ਕਾਂਗਰਸੀ ਉਮੀਦਵਾਰ ਸ਼ੁਭਦੀਪ ਸਿੰਘ ਸਿੱਧੂ ਦਾ ਸਾਥ ਦੇਣਗੇ।