ਦਰਸ਼ਨ ਸਿੰਘ ਸੋਢੀ
ਐੱਸ.ਏ.ਐੱਸ. ਨਗਰ (ਮੁਹਾਲੀ), 26 ਅਕਤੂਬਰ
ਇੱਥੋਂ ਦੇ ਸੈਕਟਰ-77 ਸਥਿਤ ਪੰਜਾਬ ਪੁਲੀਸ ਦੇ ਇੰਟੈਲੀਜੈਂਸ ਵਿੰਗ ਦੇ ਮੁੱਖ ਦਫ਼ਤਰ ’ਤੇ ਹੋਏ ਰਾਕੇਟ ਪ੍ਰੋਪੈਲਡ ਗ੍ਰਨੇਡ (ਆਰਪੀਜੀ) ਹਮਲੇ ਦੇ ਮਾਮਲੇ ਵਿੱਚ ਜਾਂਚ ਟੀਮ ਨੇ ਅੱਜ ਨਾਬਾਲਗ ਮੁਲਜ਼ਮ ਨੂੰ ਦਿੱਲੀ ਤੋਂ ਪ੍ਰੋਡਕਸ਼ਨ ਵਰੰਟ ’ਤੇ ਲਿਆ ਕੇ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ। ਜੁਡੀਸ਼ਲ ਮੈਜਿਸਟਰੇਟ ਸੋਨਾਲੀ ਸਿੰਘ ਦੀ ਅਦਾਲਤ ਨੇ ਮੁਲਜ਼ਮ ਨੂੰ ਛੇ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਇਸ ਤੋਂ ਪਹਿਲਾਂ ਉਸ ਦਾ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ।
ਅਦਾਲਤ ਨੇ ਪੁਲੀਸ ਨੂੰ ਇਹ ਵੀ ਆਦੇਸ਼ ਦਿੱਤੇ ਹਨ ਕਿ ਬਾਲ ਅਪਰਾਧੀ ਤੋਂ ਦਿਨ ਵਿੱਚ ਪੁੱਛ-ਪੜਤਾਲ ਕਰਨ ਤੋਂ ਬਾਅਦ ਰੋਜ਼ਾਨਾ ਉਸ ਨੂੰ ਬਾਲ ਸੁਧਾਰ ਘਰ ਹੁਸ਼ਿਆਰਪੁਰ ਵਿੱਚ ਛੱਡਿਆ ਜਾਵੇ। ਕੁਝ ਦਿਨ ਪਹਿਲਾਂ ਉਕਤ ਇਸ ਮੁਲਜ਼ਮ ਨੂੰ ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਮੁੱਖ ਮੁਲਜ਼ਮ ਚੜ੍ਹਤ ਸਿੰਘ ਨੂੰ ਵੀ ਕੁਝ ਦਿਨ ਪਹਿਲਾਂ ਮੁੰਬਈ ਤੋਂ ਸਾਂਝੇ ਅਪਰੇਸ਼ਨ ਦੌਰਾਨ ਕਾਬੂ ਕੀਤਾ ਗਿਆ ਸੀ। ਚੜ੍ਹਤ ਸਿੰਘ ਨੂੰ ਪੰਜਾਬ ਪੁਲੀਸ ਦੇ ਸਪੈਸ਼ਲ ਅਪਰੇਸ਼ਨ ਸੈੱਲ ਵੱਲੋਂ ਐੱਨਡੀਪੀਐੱਸ ਅਤੇ ਅਸਲਾ ਐਕਟ ਤਹਿਤ ਦਰਜ ਇੱਕ ਪੁਰਾਣੇ ਵਿੱਚ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਹੈ। ਉਹ ਵਿਦੇਸ਼ ਵਿੱਚ ਬੈਠ ਕੇ ਅਪਰਾਧਕ ਗਤੀਵਿਧੀਆਂ ਚਲਾਉਣ ਵਾਲੇ ਗੈਂਗਸਟਰ ਤੋਂ ਅਤਿਵਾਦੀ ਬਣੇ ਲਖਬੀਰ ਲੰਡਾ ਦਾ ਕਰੀਬੀ ਸਾਥੀ ਹੈ।
ਬੀਤੀ 9 ਮਈ ਨੂੰ ਪੌਣੇ ਅੱਠ ਵਜੇ ਇੰਟੈਲੀਜੈਂਸ ਹੈੱਡਕੁਆਰਟਰ ’ਤੇ ਆਰਪੀਜੀ ਨਾਲ ਹਮਲਾ ਕੀਤਾ ਗਿਆ ਸੀ। ਪੁਲੀਸ ਅਨੁਸਾਰ ਚੜ੍ਹਤ ਸਿੰਘ ਇਸ ਹਮਲੇ ਦਾ ਮੁੱਖ ਸੰਚਾਲਕ ਹੈ। । ਚੜ੍ਹਤ ਨੇ ਪਾਕਿਸਤਾਨ ਵਿੱਚ ਰਹਿੰਦੇ ਅਤਿਵਾਦੀ ਹਰਵਿੰਦਰ ਸਿੰਘ ਉਰਫ਼ ਰਿੰਦਾ ਰਾਹੀਂ ਪਾਕਿਸਤਾਨ ਦੀ ਆਈਐੱਸਆਈ ਦੇ ਸਰਗਰਮ ਸਮਰਥਨ ਨਾਲ ਸਰਹੱਦ ਪਾਰੋਂ ਇੱਕ ਆਰਪੀਜੀ, ਏਕੇ-47 ਅਤੇ ਹੋਰ ਹਥਿਆਰ ਮੰਗਵਾਏ ਸਨ। ਚੜ੍ਹਤ ਸਿੰਘ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲੀਸ ਇਸ ਮਾਮਲੇ ਵਿੱਚ ਹੁਣ ਤੱਕ 10 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ।