ਦਵਿੰਦਰ ਮੋਹਨ ਬੇਦੀ
ਗਿੱਦੜਬਾਹਾ, 6 ਮਈ
ਸਿਵਲ, ਪੁਲੀਸ ਅਤੇ ਸਿਹਤ ਵਿਭਾਗ ਦੀ ਟੀਮ ਨੇ ਸਥਾਨਕ ਮਾਤਾ ਸੰਤੋਸ਼ੀ ਹਸਪਤਾਲ ਵਿਖੇ ਚੈਕਿੰਗ ਕੀਤੀ। ਚੈਕਿੰਗ ਦੌਰਾਨ ਐਸਡੀਐਮ ਓਮ ਪ੍ਰਕਾਸ਼, ਡੀਐਸਪੀ ਨਰਿੰਦਰ ਸਿੰਘ ਅਤੇ ਐਸਐਮਓ ਡਾ. ਪਰਵਜੀਤ ਸਿੰਘ ਗੁਲਾਟੀ ਵੱਲੋਂ ਹਸਪਤਾਲ ਵਿਖੇ ਚੱਲ ਰਹੇ ਕੋਵਿਡ ਹਸਪਤਾਲ ਦੇ ਰਿਕਾਰਡ ਦੀ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਮਾਹੌਲ ਉਸ ਸਮੇਂ ਤਨਾਅਪੂਰਨ ਹੋ ਗਿਆ ਜਦੋਂ ਪ੍ਰਸ਼ਾਸ਼ਨ ਨੇ ਹਸਪਤਾਲ ਪ੍ਰਬੰਧਾਂ ਵਿਰੁੱਧ ਨਿਯਮਾਂ ਤੋਂ ਵੱਧ ਕੋਵਿਡ ਮਰੀਜ਼ ਰੱਖਣ ’ਤੇ ਇਤਰਾਜ਼ ਉਠਾਇਆ। ਉਨ੍ਹਾਂ ਉਕਤ ਹਸਪਤਾਲ ਵਿਚੋਂ ਕਰੋਨਾ ਮਰੀਜ਼ਾਂ ਨੂੰ ਹੋਰਨਾਂ ਹਸਪਤਾਲਾਂ ਵਿਚ ਸ਼ਿਫਟ ਕਰਨ ਦੀ ਗੱਲ ਕੀਤੀ। ਐਸਐਮਓ ਡਾ. ਪਰਵਜੀਤ ਸਿੰਘ ਗੁਲਾਟੀ ਦੀ ਰਿਪੋਰਟ ਅਨੁਸਾਰ ਹਸਪਤਾਲ ਵਿਚੋਂ 5 ਤੋਂ ਵੱਧ ਮਰੀਜ਼ਾਂ ਨੂੰ ਹੋਰਨਾਂ ਹਸਪਤਾਲਾਂ ਵਿਚ ਸ਼ਿਫਟ ਕੀਤਾ ਜਾ ਰਿਹਾ ਹੈ।
ਕਰੋਨਾ ਸੈਂਟਰ ਦਾ ਨਿਰੀਖਣ
ਬਰਨਾਲਾ (ਰਵਿੰਦਰ ਰਵੀ): ਸੋਹਲ ਪੱਤੀ ਦੇ ਸੈਂਟਰ ਦਾ ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਵੱਲੋਂ ਨਿਰੀਖਣ ਕੀਤਾ ਗਿਆ। ਇਸ ਮੌਕੇ ਸਿਵਲ ਸਰਜਨ ਡਾ. ਹਰਿੰਦਰਜੀਤ ਗਰਗ ਅਤੇ ਐਸਐਮਓ ਡਾ. ਤਪਿੰਦਰਜੋਤ ਕੌਸ਼ਲ ਵੀ ਹਾਜ਼ਰ ਸਨ। ਡਿਪਟਕਰੋਨਾ ਸੈਂਟਰ ਦਾ ਨਿਰੀਖਣੀ ਕਮਿਸ਼ਨਰ ਨੇ ਸਿਹਤ ਵਿਭਾਗ ਦੇ ਅਮਲੇ ਨੂੰ ਹਦਾਇਤ ਕੀਤੀ ਕਿ ਮਰੀਜ਼ਾਂ ਨੂੰ ਕਿਸੇ ਵੀ ਤਰਾਂ ਦੀ ਦਿੱਕਤ ਪੇਸ਼ ਨਾ ਆਉਣ ਦਿੱਤੀ ਜਾਵੇ।
ਆਕਸੀਜਨ ਪਲਾਂਟ ਲਗਾਉਣ ਲਈ ਤੁਰੰਤ ਮਿਲੇਗੀ ਪ੍ਰਵਾਨਗੀ
ਬਠਿੰਡਾ (ਮਨੋਜ ਸ਼ਰਮਾ): ਡਿਪਟੀ ਕਮਿਸ਼ਨਰ ਬੀ.ਸ੍ਰੀਨਿਵਾਸਨ ਵੱਲੋਂ ਕਰੋਨਾ ਮਹਾਂਮਾਰੀ ਦੇ ਵੱਧ ਰਹੇ ਪ੍ਰਕੋਪ ਨੂੰ ਫੈਲਣ ਤੋਂ ਰੋਕਣ ਦੇ ਮੱਦੇਨਜ਼ਰ ਜ਼ਿਲ੍ਹੇ ਦੇ ਪ੍ਰਮੁੱਖ ਪ੍ਰਾਈਵੇਟ ਹਸਪਤਾਲਾਂ ਦੇ ਡਾਕਟਰਾਂ ਅਤੇ ਸਿਟੀ ਸਕੈਨ ਸੈਂਟਰਾਂ ਦੇ ਮਾਲਕਾਂ ਨਾਲ ਅਹਿਮ ਮੀਟਿੰਗ ਕੀਤੀ ਗਈ।ਉਨ੍ਹਾਂ ਕਿਹਾ ਕਿ ਜੇਕਰ ਕੋਈ ਪ੍ਰਾਈਵੇਟ ਹਸਪਤਾਲ ਜਾਂ ਕੋਈ ਵਿਅਕਤੀ ਜ਼ਿਲੇ ‘ਚ ਆਕਸੀਜਨ ਗੈਸ ਪਲਾਂਟ ਲਗਾਉਣਾ ਚਾਹੁੰਦਾ ਹੈ, ਤਾਂ ਉਸ ਨੂੰ ਤੁਰੰਤ ਬਿਨਾਂ ਕਿਸੇ ਦੇਰੀ ਦੇ ਪ੍ਰਵਾਨਗੀ ਦਿੱਤੀ ਜਾਵੇਗੀ।
ਇਲਾਜ ਦੀ ਸਹੂਲਤ ਲਈ ਕੰਟਰੋਲ ਰੂਮ ਸਥਾਪਿਤ
ਗਿੱਦੜਬਾਹਾ (ਪੱਤਰ ਪ੍ਰੇਰਕ): ਕਰੋਨਾ ਮਹਾਮਾਰੀ ਦੌਰਾਨ ਲੋਕਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਦੇ ਮੱਦੇਨਜ਼ਰ ਗਿੱਦੜਬਾਹਾ ਵਿਖੇ ਉੱਪ ਮੰਡਲ ਪੱਧਰ ’ਤੇ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ। ਉੱਪ ਮੰਡਲ ਮੈਜਿਸਟਰੇਟ ਓਮ ਪ੍ਰਕਾਸ਼ ਨੇ ਦੱਸਿਆ ਕਿ ਕਿਸੇ ਵਿਅਕਤੀ ਨੂੰ ਜੇਕਰ ਕਰੋਨਾ ਨਾਲ ਸਬੰਧਤ ਕੋਈ ਮੁਸ਼ਕਿਲ ਆਉਂਦੀ ਹੈ ਜਾਂ ਤਾਂ ਉਹ ਬਲਾਕ ਪੱਧਰੀ ਕੋਵਿਡ ਕੰਟਰੋਲ ਰੂਮ ’ਤੇ ਫ਼ੋਨ ਨੰਬਰ 01637-231931 ਜਾਂ ਮੋਬਾਈਲ ਨੰਬਰ 90417-04044 ’ਤੇ ਸੰਪਰਕ ਕਰ ਸਕਦਾ ਹੈ।