ਡੇਰਾਬੱਸੀ, 26 ਅਕਤੂਬਰ
ਭਵਨ ਅਤੇ ਸ਼ਹਿਰੀ ਵਿਕਾਸ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਵਿਚ ਜਲਦੀ ਨਵੀਂ ਸਨਅਤੀ ਨੀਤੀ ਲਾਗੂ ਕੀਤੀ ਜਾਵੇਗੀ ਜਿਸ ਦਾ ਐਲਾਨ ਮਹੀਨੇ ਅੰਦਰ ਕਰ ਦਿੱਤਾ ਜਾਏਗਾ। ਉਨ੍ਹਾਂ ਅੱਜ ਡੇਰਾਬੱਸੀ ਇੰਡਸਟਰੀ ਐਸੋਸੀਏਸ਼ਨ ਦੇ ਮੁਬਾਰਕਪੁਰ ਫੋਕਲ ਪੁਆਇੰਟ ਵਿੱਚ ਉਦਯੋਗ ਸੇਵਾ ਕੇਂਦਰ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ।
ਸ੍ਰੀ ਅਰੋੜਾ ਨੇ ਕਿਹਾ ਕਿ ਪਹਿਲਾਂ ਦੀਆਂ ਸਰਕਾਰਾਂ ਵੱਲੋਂ ਪੰਜਾਬ ਦੀ ਸਨਅਤ ਨੂੰ ਹੁਲਾਰਾ ਦੇਣ ਲਈ ਕੋਈ ਠੋਸ ਕਦਮ ਨਹੀਂ ਚੁੱਕੇ। ਇਸ ਨੂੰ ਦੇਖਦਿਆਂ ਸਨਅਤਕਾਰਾਂ ਦੀ ਬਿਹਤਰੀ ਲਈ ਉਦਯੋਗਪਤੀਆਂ ਦੀ ਸਲਾਹ ਨਾਲ ਨਵੀਂ ਨੀਤੀ ਤਿਆਰ ਕੀਤੀ ਗਈ ਹੈ ਜੋ ਉਦਯੋਗਾਂ ਲਈ ਮੀਲ ਪੱਥਰ ਸਾਬਤ ਹੋਏਗੀ। ਉਨ੍ਹਾਂ ਦੱਸਿਆ ਕਿ ਡੇਰਾਬੱਸੀ ਖੇਤਰ ਦੇ ਉਦਯੋਗਪਤੀਆਂ ਦੀ ਮੰਗ ’ਤੇ ਇਸ ਖੇਤਰ ਦੀ ਸਨਅਤ ਨੂੰ 45 ਦੀ ਥਾਂ ਹੁਣ 65 ਫੀਸਦੀ ਖੇਤਰ ਕਵਰ ਕਰਨ ਦੀ ਇਜ਼ਾਜਤ ਦਿੱਤੀ ਗਈ ਹੈ। ਪਹਿਲਾਂ ਪੂਰੇ ਪੰਜਾਬ ਵਿੱਚ 65 ਫੀਸਦੀ ਕਵਰ ਕਰਨ ਦੀ ਇਜਾਜ਼ਤ ਸੀ ਪਰ ਜ਼ਿਲ੍ਹਾ ਮੁਹਾਲੀ ਵਿੱਚ ਇਹ ਸਹੂਲਤ ਸਿਰਫ 45 ਫੀਸਦੀ ਦੀ ਸੀ ਜਿਸ ਨੂੰ ਹੁਣ ਪੂਰੇ ਸੂਬੇ ਨਾਲ ਬਰਾਬਰ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਨਕਸ਼ਾ ਪਾਸ ਕਰਨ ਦਾ ਅਧਿਕਾਰ ਸਨਅਤ ਵਿਭਾਗ ਨੂੰ ਦਿੱਤਾ ਗਿਆ ਹੈ ਜਦਕਿ ਪਹਿਲਾਂ ਇੰਡਸਟਰੀ ਵਿਭਾਗ ਅਤੇ ਪੰਜਾਬ ਅਰਬਨ ਡਿਵੈਲਪਮੈਂਟ ਅਥਾਰਿਟੀ (ਪੁੱਡਾ) ਦੋਵੇਂ ਨਕਸ਼ੇ ਪਾਸ ਕਰਦੇ ਸਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੁੱਡਾ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਨਕਸ਼ਾ ਪਾਸ ਕਰਵਾਉਣ ਲਈ ਪਹੁੰਚੀਆਂ ਉਦਯੋਗਾਂ ਦੀਆਂ ਫਾਈਲਾਂ ਇੰਡਸਟਰੀ ਵਿਭਾਗ ਕੋਲ ਭੇਜਣ।
ਨਾਜਾਇਜ਼ ਕਲੋਨੀਆਂ ਲਈ ਨਵੀਂ ਪਾਲਿਸੀ ਛੇਤੀ
ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਨਾਜਾਇਜ਼ ਕਲੋਨੀਆਂ ਬਾਰੇ ਆਮ ਲੋਕਾਂ ਨੂੰ ਰਾਹਤ ਦੇਣ ਲਈ ਪਾਲਿਸੀ ਜਲਦੀ ਲਿਆਂਦੀ ਜਾਏਗੀ। ਉਨ੍ਹਾਂ ਇੰਡਸਟਰੀ ਐਸੋਸੀਏਸ਼ਨ ਦੇ ਪ੍ਰਧਾਨ ਵਿਜੈ ਮਿੱਤਲ ਅਤੇ ਸਕੱਤਰ ਰਾਕੇਸ਼ ਅਗਰਵਾਲ ਦੀ ਮੰਗ ’ਤੇ ਬਰਵਾਲਾ ਸੜਕ ਦੀ ਛੇਤੀ ਉਸਾਰੀ, ਮੁਬਾਰਕਪੁਰ ਤੋਂ ਪੰਚਕੂਲਾ ਤੱਕ ਸੜਕ ਨੂੰ ਚਹੁੰ ਮਾਰਗੀ ਕਰਨ, ਬਿਜਲੀ ਦੀ ਸਮੱਸਿਆ ਲਈ ਦੋ ਨਵੇਂ ਸਬ ਸਟੇਸ਼ਨ, ਡਰਾਈ ਪੋਰਟ ਨੂੰ ਰੇਲਵੇ ਸਟੇਸ਼ਨ ਨਾਲ ਸਿੱਧਾ ਜੋੜਨ ਸਬੰਧੀ ਹੋਰਨਾਂ ਮੰਗਾਂ ਨੂੰ ਪੂਰਾ ਕਰਨ ਲਈ ਹਲਕਾ ਵਿਧਾਇਕ ਨੂੰ ਪ੍ਰਸਤਾਵ ਬਣਾ ਕੇ ਭੇਜਣ ਲਈ ਕਿਹਾ।