ਬਲਜੀਤ ਸਿੰਘ
ਸਰਦੂਲਗੜ੍ਹ, 26 ਅਕਤੂਬਰ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਹਰਿਆਣਾ ਦੇ ਜ਼ਿਲ੍ਹਾ ਹਿਸਾਰ ਦੇ ਵਿਧਾਨ ਸਭਾ ਹਲਕਾ ਆਦਮਪੁਰ ਵਿਚ ਜ਼ਿਮਨੀ ਚੋਣ ਲਈ ਪ੍ਰਚਾਰ ਕਰਨ ਪੁੱਜੇ। ਉਨ੍ਹਾਂ ਦਾ ਹੈਲੀਕਾਪਟਰ ਹਲਕਾ ਸਰਦੂਲਗੜ੍ਹ ਦੇ ਪਿੰਡ ਕਰੰਡੀ ਵਿੱਚ ਉਤਾਰਿਆ ਗਿਆ। ਇਸ ਤੋਂ ਬਾਅਦ ਮੁੱਖ ਮੰਤਰੀ ਪਿੰਡ ਕਰੰਡੀ ਤੋਂ ਸੜਕੀ ਰਸਤੇ ਰਾਹੀਂ ਆਦਮਪੁਰ ਪਹੁੰਚੇ। ਦੂਜੇ ਪਾਸੇ ਪਿੰਡਾਂ ਵਿੱਚ ਚਰਚਾ ਚਲਦੀ ਰਹੀ ਕਿ ਮੁੱਖ ਮੰਤਰੀ ਵੱਲੋਂ ਚੋਣ ਖਰਚਾ ਬਚਾਉਣ ਲਈ ਆਪਣਾ ਹੈਲੀਕਾਪਟਰ ਪੰਜਾਬ ਦੇ ਪਿੰਡ ਕਰੰਡੀ ਵਿੱਚ ਉਤਾਰਿਆ ਗਿਆ ਹੈ। ਸੂਤਰਾਂ ਅਨੁਸਾਰ ਮੁੱਖ ਮੰਤਰੀ ਦਾ ਮਾਨਸਾ ਜ਼ਿਲ੍ਹੇ ਵਿਚ ਦੌਰੇ ਦਾ ਪ੍ਰੋਗਰਾਮ ਬਣਾਇਆ ਗਿਆ ਸੀ। ਸਰਕਾਰੀ ਪ੍ਰੋਗਰਾਮ ਅਨੁਸਾਰ ਮੁੱਖ ਮੰਤਰੀ ਦਾ ਹੈਲੀਕਾਪਟਰ ਰਾਜਿੰਦਰ ਪਾਰਕ ਅਤੇ ਸਪੋਰਟਸ ਸਟੇਡੀਅਮ ਪਿੰਡ ਕਰੰਡੀ ਵਿਚ ਉਤਰਨਾ ਸੀ ਤੇ ਪਿੰਡ ਸੰਘਾ ਵਿਚ ਲੋਕਲ ਮੀਟਿੰਗ ਰੱਖੀ ਗਈ ਸੀ ਪਰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਿੰਡ ਸੰਘਾ ਵਿਚ ਕੋੋਈ ਵੀ ਲੋਕ ਮਿਲਣੀ ਨਹੀਂ ਕੀਤੀ ਗਈ। ਇਸ ਮੌਕੇ ਕਾਂਗਰਸੀ ਆਗੂਆਂ ਨੇ ਕਿਹਾ ਕਿ ਇਸ ਹੈਲੀਕਾਪਟਰ ਜ਼ਰੀਏ ਪੰਜਾਬ ਵਿਚ ਉਤਰ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।
ਪੰਜਾਬ ਦੇ ਲੋਕਾਂ ਦੇ ਖੂੁਨ ਪਸੀਨੇ ਦੀ ਕਮਾਈ ਪਾਰਟੀ ਦੇ ਚੋਣ ਪ੍ਰਚਾਰ ’ਤੇ ਹੋ ਰਹੀ ਹੈ ਖਰਚ: ਮੋਫਰ
ਜ਼ਿਲ੍ਹਾ ਪਰਿਸ਼ਦ ਮਾਨਸਾ ਦੇ ਚੇਅਰਮੈਨ ਅਤੇ ਹਲਕਾ ਸਰਦੂਲਗੜ੍ਹ ਤੋਂ ਕਾਂਗਰਸ ਪਾਰਟੀ ਦੀ ਟਿਕਟ ਤੋਂ ਚੋਣ ਲੜ ਚੁੱਕੇ ਬਿਕਰਮ ਮੋਫਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਪਾਰਟੀ ਦੇ ਚੋਣ ਪ੍ਰਚਾਰ ਲਈ ਵਰਤ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਦੌਰੇ ਨੂੰ ਸਰਕਾਰੀ ਦੌਰਾ ਦਿਖਾਇਆ ਗਿਆ ਤਾਂ ਕਿ ਪਾਰਟੀ ਦੇ ਉਮੀਦਵਾਰ ਦੇ ਖਰਚੇ ਵਿੱਚ ਇਸ ਹੈਲੀਕਾਪਟਰ ਦਾ ਖਰਚਾ ਨਾ ਜੁੜੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕਰੰਡੀ ਵਿਚ ਹੈਲੀਕਾਪਟਰ ਤੋਂ ਉਤਰ ਕੇ ਸੜਕ ਰਸਤੇ ਰਾਹੀਂ ਆਦਮਪੁਰ ਪੁੱਜੇ ਤਾਂ ਕਿ ਲੋਕਾਂ ਨੂੰ ਗੰੁਮਰਾਹ ਕੀਤਾ ਜਾ ਸਕੇ। ਐੱਸਡੀਐੱਮ ਸਰਦੂਲਗੜ੍ਹ ਪੂਨਮ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਹ ਜਾਣਕਾਰੀ ਨਹੀਂ ਹੈ ਕਿ ਇਹ ਦੌਰਾ ਸਰਕਾਰੀ ਸੀ ਕਿ ਗੈਰ ਸਰਕਾਰੀ। ਉਨ੍ਹਾਂ ਕਿਹਾ ਕਿ ਉਹ ਕਰੰਡੀ ਵਿਚ ਹੈਲੀਪੇਡ ’ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਸਵਾਗਤ ਕਰਨ ਲਈ ਗਏ ਸਨ।