ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 24 ਨਵੰਬਰ
ਬਲੌਂਗੀ ਖੇਤਰ ਵਿੱਚ ਪਿਛਲੇ ਕੁੱਝ ਸਮੇਂ ਤੋਂ ਨਾਜਾਇਜ਼ ਉਸਾਰੀਆਂ ਕੀਤੀਆਂ ਜਾ ਰਹੀਆਂ ਹਨ। ਗਮਾਡਾ ਦੇ ਐਨਫੋਰਸਮੈਂਟ ਵਿੰਗ ਦੀ ਟੀਮ ਨੇ ਅੱਜ ਜੇਸੀਬੀ ਮਸ਼ੀਨ ਨਾਲ ਨਾਜਾਇਜ਼ ਉਸਾਰੀਆਂ ਢਾਹ ਦਿੱਤੀਆਂ ਹਨ। ਗਮਾਡਾ ਦੇ ਜੇਈ ਵਰੁਣ ਕੁਮਾਰ ਦੀ ਅਗਵਾਈ ਹੇਠ ਕੀਤੀ ਗਈ ਇਸ ਕਾਰਵਾਈ ਦੌਰਾਨ ਬਲੌਂਗੀ ਵਿੱਚ ਕਰੀਬ ਅੱਧਾ ਦਰਜਨ ਨਾਜਾਇਜ਼ ਉਸਾਰੀਆਂ ਨੂੰ ਢਾਹਿਆ ਗਿਆ। ਗਮਾਡਾ ਟੀਮ ਨੇ ਮੁਹਾਲੀ-ਬਲੌਂਗੀ ਮੁੱਖ ਸੜਕ ਦੇ ਪੁਲ ਤੋਂ ਅੰਦਰ ਆਉਂਦੀ ਸੜਕ ’ਤੇ ਬਣ ਰਹੇ ਸ਼ੋਅਰੂਮ ਦੀਆਂ ਕੰਧਾਂ ਵੀ ਤੋੜੀਆਂ। ਇਸ ਉਪਰੰਤ ਬਲੌਂਗੀ ਥਾਣੇ ਦੇ ਪਿੱਛੇ ਬਣ ਰਹੇ ਕਈ ਮਕਾਨਾਂ ਦੀਆਂ ਨੀਂਹਾਂ ਵੀ ਪੁੱਟ ਦਿੱਤੀਆਂ ਗਈਆਂ। ਬਲੌਂਗੀ ਕਲੋਨੀ ਦੇ ਸੈਣੀ ਮੁਹੱਲਾ ਨੇੜੇ ਉਸਾਰੀ ਅਧੀਨ ਅਣਅਧਿਕਾਰਤ ਕਲੋਨੀ ਦੀਆਂ ਸੜਕਾਂ ਵਿੱਚ ਖੱਡੇ ਪੁੱਟੇ ਗਏ ਹਨ।
ਜੇਈ ਵਰੁਣ ਕੁਮਾਰ ਨੇ ਕਿਹਾ ਕਿ ਨਾਜਾਇਜ਼ ਉਸਾਰੀ ਕਰਨ ਵਾਲਿਆਂ ਨੂੰ ਨੋਟਿਸ ਦਿੱਤੇ ਜਾ ਰਹੇ ਹਨ ਅਤੇ ਨੋਟਿਸਾਂ ਦੇ ਬਾਵਜੂਦ ਲੋਕਾਂ ਵੱਲੋਂ ਕੀਤੀਆਂ ਜਾ ਰਹੀਆਂ ਨਾਜਾਇਜ਼ ਉਸਾਰੀਆਂ ਨੂੰ ਤੋੜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਮੁੜ ਨਾਜਾਇਜ਼ ਉਸਾਰੀਆਂ ਕੀਤੀਆਂ ਗਈਆਂ ਤਾਂ ਸਬੰਧਤ ਵਿਅਕਤੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਲਈ ਥਾਣੇ ਵਿੱਚ ਰਿਪੋਰਟ ਦਰਜ ਕਰਵਾਈ ਜਾਵੇਗੀ।