ਮਹੇਸ਼ ਸ਼ਰਮਾ
ਮੰਡੀ ਅਹਿਮਦਗੜ੍ਹ, 24 ਨਵੰਬਰ
ਪੰਜਾਬ ਰੈਵੇਨਿਊ ਅਫਸਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਗੁਰਦੇਵ ਸਿੰਘ ਧੰਮ ਅਤੇ ਡੀਸੀ ਆਫਿਸ ਐਂਪਲਾਈਜ਼ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਨਾਮ ਸਿੰਘ ਵਿਰਕ ਵੱਲੋਂ ਦਿੱਤੇ ਗਏ ਐਕਸ਼ਨ ਦੇ ਸੱਦੇ ਤੋਂ ਬਾਅਦ ਸਥਾਨਕ ਸ਼ਹਿਰ ਅਤੇ ਨੇੜਲੇ ਕਸਬਿਆਂ ਵਿੱਚ ਸਥਿਤ ਰਜਿਸਟਰਾਰ ਤੇ ਸਬ ਰਜਿਸਟਰਾਰ ਦਫ਼ਤਰਾਂ ਵਿੱਚ ਰੁਟੀਨ ਕੰਮ ਅੱਜ ਬਿਲਕੁਲ ਬੰਦ ਰਿਹਾ ਅਤੇ ਜਿਹੜੇ ਵਿਅਕਤੀਆਂ ਨੇ ਅੱਜ ਆਪਣੀਆਂ ਰਜਿਸਟਰੀਆਂ ਆਦਿ ਕਰਵਾਉਣ ਲਈ ਆਨਲਾਈਨ ਸਮਾਂ ਲਿਆ ਹੋਇਆ ਸੀ ਉਹ ਵੀ ਖੱਜਲ ਖੁਆਰ ਹੁੰਦੇ ਦੇਖੇ ਗਏ। ਡੀਸੀ ਆਫਿਸ ਐਂਪਲਾਈਜ਼ ਯੂਨੀਅਨ ਦੇ ਜ਼ਿਲ੍ਹਾ ਚੇਅਰਮੈਨ ਅੰਮਿਤਪਾਲ ਸਿੰਘ ਨੇ ਦੱਸਿਆ ਕਿ ਦੋਵੇਂ ਯੂਨੀਅਨਾਂ ਦੇ ਸੂਬਾਈ ਆਗੂਆਂ ਵੱਲੋਂ ਦੋ ਦਿਨ ਪਹਿਲਾਂ ਮਾਹਿਲਪੁਰ ਦੇ ਨਾਇਬ ਤਹਿਸੀਲਦਾਰ ਅਤੇ ਰਜਿਸਟਰੀ ਕਲਰਕ ਨੂੰ ਝੂਠੇ ਕੇਸ ਵਿੱਚ ਫਸਾਉਣ ਦੇ ਰੋਸ ਵੱਜੋਂ ਅੱਜ ਸਾਰੇ ਦਫ਼ਤਰਾਂ ਵਿੱਚ ਕੰਮ ਬੰਦ ਰੱਖਿਆ ਗਿਆ। ਆਗੂਆਂ ਨੇ ਦੋਸ਼ ਲਗਾਇਆ ਕਿ ਵਿਜੀਲੈਂਸ ਪੁਲੀਸ ਸਿਆਸੀ ਆਗੂਆਂ ਨੂੰ ਖੁਸ਼ ਕਰਨ ਅਤੇ ਆਉਂਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਲਾਹਾ ਦੇਣ ਲਈ ਝੂਠੇ ਕੇਸ ਦਰਜ ਕਰਕੇ ਸਰਕਾਰੀ ਅਮਲੇ ਨੂੰ ਤੰਗ ਕਰ ਰਹੀ ਹੈ ਜੋ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਅਰਜ਼ੀ ਨਵੀਸ ਯੂਨੀਅਨ ਦੇ ਆਗੂ ਐਡਵੋਕੇਟ ਮੁਨੀਸ਼ ਸ਼ਰਮਾ ਨੇ ਦੱਸਿਆ ਕਿ ਰਜਿਸਟਰੀਆਂ ਆਦਿ ਕਰਵਾਉਣ ਲਈ ਆਉਣ ਵਾਲਿਆਂ ਦੇ ਨਾਲ ਹੋਰ ਕੰਮਾਂ ਲਈ ਆਏ ਲੋਕ ਵੀ ਅੱਜ ਹੜਤਾਲ ਤੋਂ ਪ੍ਰਭਾਵਤ ਹੋਏ।