ਪੱਤਰ ਪ੍ਰੇਰਕ
ਜਗਰਾਉਂ ,13 ਜੁਲਾਈ
ਨੇੜਲੇ ਪਿੰਡ ਮੱਲ੍ਹਾ ਵਿੱਚ ਬੀਤੀ ਰਾਤ ਰਸੋਈ ਦੀ ਛੱਤ ਡਿੱਗਣ ਕਾਰਨ ਇਕ ਪਰਿਵਾਰ ਦੇ ਮੁਖੀ ਦੀ ਮੌਤ ਹੋ ਗਈ। ਇਸ ਸਬੰਧੀ ਲਖਵੀਰ ਸਿੰਘ ਨੇ ਦੱਸਿਆ ਕਿ ਉਸ ਦਾ ਵੱਡਾ ਭਰਾ ਕ੍ਰਿਸ਼ਨ ਸਿੰਘ ਆਪਣੇ ਪਰਿਵਾਰ ਨਾਲ ਰਾਤ ਦੀ ਰੋਟੀ ਖਾ ਰਿਹਾ ਸੀ, ਜਦੋਂ ਉਹ ਪਾਣੀ ਲੈਣ ਲਈ ਰਸੋਈ ਵਿੱਚ ਗਿਆ ਤਾਂ ਅਚਾਨਕ ਰਸੋਈ ਦੀ ਛੱਤ ਉਸ ’ਤੇ ਆ ਡਿੱਗੀ। ਇਸ ਦੌਰਾਨ ਪਰਿਵਾਰ ਵੱਲੋਂ ਰੌਲਾ ਪਾਉਣ ਮਗਰੋਂ ਇਕੱਠੇ ਹੋਏ ਗੁਆਢੀਆਂ ਨੇ ਮਲਬੇ ਵਿੱਚੋਂ ਕ੍ਰਿਸ਼ਨ ਸਿੰਘ ਨੂੰ ਬਾਹਰ ਕੱਢਿਆ ਅਤੇ ਇਲਾਜ ਲਈ ਸਥਾਨ ਸਿਵਲ ਹਸਪਤਾਲ ਲਿਜਾਣ ਲੱਗੇ ਤਾਂ ਰਸਤੇ ਵਿੱਚ ਉਸ ਨੇ ਦਮ ਤੋੜ ਦਿੱਤਾ। ਇਸ ਮੌਕੇ ਸਰਪੰਚ ਹਰਬੰਸ ਸਿੰਘ ਢਿੱਲੋਂ ਸਣੇ ਸਮੂਹ ਗ੍ਰਾਮ ਪੰਚਾਇਤ ਮੱਲ੍ਹਾ ਨੇ ਪੰਜਾਬ ਸਰਕਾਰ ਤੋਂ ਲੋੜਵੰਦ ਪਰਿਵਾਰ ਦੀ ਮਾਲੀ ਮਦਦ ਕਰਨ ਦੀ ਮੰਗ ਕੀਤੀ ਹੈ।