ਹੁਣ ਢੁਕਵਾਂ ਵੇਲਾ ਨਹੀਂ
27 ਅਕਤੂਬਰ ਦੇ ਨਜ਼ਰੀਆ ਪੰਨੇ ’ਤੇ ਪ੍ਰੋ. ਪ੍ਰੀਤਮ ਸਿੰਘ ਅਤੇ ਆਰਐੱਸ ਮਾਨ ਦਾ ਲੇਖ ‘ਖਾਦਾਂ ਦੀ ਅੰਨ੍ਹੀ ਵਰਤੋਂ ਅਤੇ ਕਿਸਾਨ ਸੰਘਰਸ਼’ ਪੜ੍ਹਿਆ। ਇਹ ਠੀਕ ਹੈ ਕਿ ਪੰਜਾਬ ਦੇ ਕਿਸਾਨ ਰਸਾਇਣਕ ਖਾਦਾਂ ਦੀ ਵਰਤੋਂ ਲੋੜ ਤੋਂ ਜ਼ਿਆਦਾ ਕਰ ਰਹੇ ਹਨ ਪਰ ਇਹ ਇਸ ਮਸਲੇ ਦਾ ਇਕ ਪੱਖ ਹੈ, ਦੂਜਾ ਪੱਖ ਇਹ ਹੈ ਕਿ ਕਿਸਾਨ ਆਪਣੀ ਫ਼ਸਲ ਔਖ ਝੱਲ ਕੇ ਪਾਲ਼ਦਾ ਹੈ ਅਤੇ ਇਸ ਪਾਲਣ ਪੋਸ਼ਣ ਵਿਚ ਉਹ ਕੋਈ ਕਸਰ ਬਾਕੀ ਨਹੀਂ ਰਹਿਣ ਦੇਣਾ ਚਾਹੁੰਦੇ ਪਰ ਇਹ ਸਰਕਾਰਾਂ ਦੀ ਬੇਈਮਾਨੀ ਹੈ ਕਿ ਉਹ ਆਨੀ ਬਹਾਨੀ ਇਸ ਦੀ ਮਿਹਨਤ ਨੂੰ ਰੋਲ਼ ਹੀ ਨਹੀਂ ਰਹੀਆਂ ਸਗੋਂ ਇਸ ਨੂੰ ਜਿੱਚ ਵੀ ਕਰ ਰਹੀਆਂ ਹਨ। ਇਸ ਕਰ ਕੇ ਹੁਣ ਵਾਲੇ ਕਿਸਾਨ ਸੰਘਰਸ਼ ਨੂੰ ਕਿਸੇ ਗੌਣ ਮੁੱਦੇ ਵੱਲ ਮੋੜਨਾ ਠੀਕ ਨਹੀਂ। ਖੇਤੀ ਖ਼ਰਚੇ ਘੱਟ ਕਰ ਕੇ ਅਤੇ ਖੇਤੀ ਪੈਦਾਵਾਰ ਘਟਾ ਕੇ, ਵੱਧ ਲਾਭ ਲੈਣ ਵਾਲੇ ਨੁਕਤੇ ਵਧੀਆ ਹਨ ਪਰ ਕਿਸਾਨਾਂ ਨੂੰ ਇਹ ਨੁਕਤੇ ਸਮਝਾਉਣ ਅਤੇ ਮਨਵਾਉਣ ਲਈ ਵੱਖਰੀ ਲਹਿਰ ਸ਼ੁਰੂ ਕਰਨੀ ਪਵੇਗੀ।
ਸਹਿਦੇਵ ਕਲੇਰ, ਕਲੇਰ ਕਲਾਂ (ਗੁਰਦਾਸਪੁਰ)
ਸਮਾਜ ਨੂੰ ਵੰਡਣ ਵਾਲੇ
27 ਅਕਤੂਬਰ ਦਾ ਸੰਪਾਦਕੀ ‘ਸਾਵਧਾਨੀ ਦੀ ਜ਼ਰੂਰਤ’ ਪੜ੍ਹਿਆ। ਇਹ ਮੋਹਨ ਭਾਗਵਤ ਅਤੇ ਆਰਐੱਸਐੱਸ ਬਾਰੇ ਸਹੀ ਟਿੱਪਣੀ ਕਰਦਾ ਹੈ। ਸੱਚ ਲਿਖਿਆ ਹੈ ਕਿ ਦੇਸ਼ ਅਤੇ ਸਮਾਜ ਨੂੰ ਵੰਡਣ ਵਾਲੇ ਹਿੰਦੂ, ਹਿੰਦੀ, ਹਿੰਦੋਸਤਾਨ ਦੀ ਬੇੜੀ ’ਤੇ ਚੜ੍ਹੇ ਹੋਏ ਹਨ, ਉਹ ਇੱਥੇ ਰਹਿੰਦੇ ਵੱਖ ਵੱਖ ਧਰਮਾਂ ਦੇ ਲੋਕਾਂ ਨੂੰ ਹਿੰਦੂ ਐਲਾਨ ਕੇ ਵੰਨ-ਸਵੰਨਤਾ ਦੇ ਬੂਟੇ ਦੇ ਜੜ੍ਹੀਂ ਤੇਲ ਪਾ ਰਹੇ ਹਨ।
ਸਾਗਰ ਸਿੰਘ ਸਾਗਰ, ਬਰਨਾਲਾ
ਅਰਥਚਾਰੇ ਬਾਰੇ ਮਾੜੇ ਫ਼ੈਸਲੇ
24 ਅਕਤੂਬਰ ਨੂੰ ਨਜ਼ਰੀਆ ਪੰਨੇ ’ਤੇ ਡਾ. ਰਾਜੀਵ ਖੋਸਲਾ ਦਾ ਲੇਖ ‘ਕੇਂਦਰ ਦੀਆਂ ਨੀਤੀਆਂ ਨੇ ਸਹੇੜੀ ਆਰਥਿਕ ਮੰਦੀ’ ਪੜ੍ਹਿਆ। ਕੇਂਦਰ ਸਰਕਾਰ ਦੁਆਰਾ ਦੇਸ਼ ਦੀ ਆਰਥਿਕਤਾ ਨਾਲ ਸਬੰਧਿਤ ਫ਼ੈਸਲਿਆਂ ਨੂੰ ਜਿੰਨੇ ਜ਼ੋਰ ਸ਼ੋਰ ਨਾਲ ਪ੍ਰਚਾਰ ਕੇ ਲਾਗੂ ਕੀਤਾ ਗਿਆ ਸੀ, ਉਨ੍ਹਾਂ ਨੇ ਦੇਸ਼ ਨੂੰ ਉਚਾਈਆਂ ਵੱਲ ਲਿਜਾਣ ਦੀ ਬਜਾਏ ਹਨੇਰੇ ਖੂਹ ਵਿਚ ਹੀ ਸੁੱਟਿਆ ਹੈ। ਨੋਟਬੰਦੀ, ਜੀਐੱਸਟੀ ਅਤੇ ਆਰਥਿਕ ਸੁਧਾਰਾਂ ਦੇ ਨਾਂ ’ਤੇ ਕੀਤੇ ਹੋਰ ਕਈ ਫ਼ੈਸਲਿਆਂ ਨੇ ਦੇਸ਼ ਵਿਚ ਮੰਦੀ ਦਾ ਦੌਰ ਲਿਆਂਦਾ। ਰਹਿੰਦੀ ਖੂੰਹਦੀ ਕਸਰ ਕਰੋਨਾ ਨੇ ਕੱਢ ਦਿੱਤੀ। ਕਰੋਨਾ ਕਾਲ ਦੌਰਾਨ ਕੀਤੇ ਫ਼ੈਸਲੇ ਵੀ ਵਾਜਬਿ ਨਹੀਂ ਸਨ। ਡੂੰਘੇ ਹੋ ਰਹੇ ਸੰਕਟ ਤੋਂ ਬਚਣ ਲਈ ਆਰਥਿਕ ਮਾਹਿਰਾਂ ਨੇ ਕਈ ਸੁਝਾਅ ਦਿੱਤੇ ਪਰ ਸਰਕਾਰ ਨੇ ਉਨ੍ਹਾਂ ਸੁਝਾਵਾਂ ਨੂੰ ਦਰਕਿਨਾਰ ਕਰ ਦਿੱਤਾ। ਇਸ ਦਾ ਖਮਿਆਜ਼ਾ ਹੁਣ ਆਮ ਲੋਕ ਭੁਗਤ ਰਹੇ ਹਨ।
ਸੰਦੀਪ ਕੁਮਾਰ ਸਿੰਗਲਾ, ਬਠਿੰਡਾ
ਭਾਈਚਾਰਕ ਸਾਂਝ
23 ਅਕਤੂਬਰ ਨੂੰ ਸ਼ਿਵੰਦਰ ਕੌਰ ਦਾ ਮਿਡਲ ‘ਪਤਝੜ ਦੇ ਮੌਸਮ’ ਪਿੰਡਾਂ ਵਾਲੇ ਲੋਕਾਂ ਦੀ ਆਪਸੀ ਭਾਈਚਾਰਕ ਸਾਂਝ ਨੂੰ ਦਰਸਾਉਂਦਾ ਹੈ। ਪਿੰਡਾਂ ਵਿਚ ਚਾਹੇ ਖੁਸ਼ੀ ਦਾ ਮਾਹੌਲ ਹੋਵੇ ਜਾਂ ਫੇਰ ਗ਼ਮੀ ਦਾ, ਪਿੰਡਾਂ ਵਾਲੇ ਇਕਜੁੱਟ ਹੋ ਕੇ ਆਪੋ ਆਪਣੀ ਜ਼ਿੰਮੇਵਾਰੀ ਸੰਭਾਲ ਲੈਂਦੇ ਹਨ ਤੇ ਪਰਿਵਾਰ ਦਾ ਫ਼ਿਕਰ ਘੱਟ ਜਾਂਦਾ ਹੈ। ਇਸੇ ਤਰ੍ਹਾਂ ਕੇਂਦਰ ਦੇ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਵੀ ਆਪਸੀ ਭਾਈਚਾਰੇ ਦੇ ਸਦਕਾ ਜਾਰੀ ਹੈ ਤੇ ਇਸੇ ਸੰਘਰਸ਼ ’ਚ ਹਰ ਵਰਗ ਇਕ ਦੂਜੇ ਦਾ ਵੱਧ ਚੜ੍ਹ ਕੇ ਸਾਥ ਦੇ ਰਿਹਾ ਹੈ। ਜੇਕਰ ਖੇਤੀ ਹੀ ਨਾ ਰਹੀ ਤਾਂ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਕੀ ਹੋਵੇਗਾ, ਵੱਡਾ ਸਵਾਲ ਖੜ੍ਹਾ ਹੁੰਦਾ ਹੈ।
ਧਲਵਿੰਦਰ ਸਿੰਘ ਸੰਧੂ, ਪਿੰਡ ਜੰਡੋਲੀ (ਪਟਿਆਲਾ)
ਮਨੁੱਖਤਾ ਦਾ ਭਲਾ
21 ਅਕਤੂਬਰ ਦੇ ਵਿਰਾਸਤ ਪੰਨੇ ’ਤੇ ਦਲਬੀਰ ਸਿੰਘ ਧਾਲੀਵਾਲ ਦੀ ਰਚਨਾ ‘ਕ੍ਰਾਂਤੀਕਾਰੀ ਬਾਣੀ ਦੇ ਰਚੇਤਾ ਭਗਤ ਨਾਮਦੇਵ’ ਰਾਹੀਂ ਭਗਤ ਨਾਮਦੇਵ ਜੀ ਦੇ ਜੀਵਨ-ਕਾਲ ਦੇ ਸਮੇਂ ਦੇ ਅਮਨੁੱਖੀ ਹਾਲਾਤ, ਹੋਰ ਸਰੋਕਾਰਾਂ ਅਤੇ ਆਮ ਲੋਕਾਈ ਦੀ ਹਾਲਤ ਬਿਆਨ ਕੀਤੀ ਗਈ ਹੈ। ਭਗਤ ਨਾਮਦੇਵ ਜੀ ਨੇ ਆਪਣੀ ਬਾਣੀ ਰਾਹੀਂ ਅਮਨੁੱਖੀ ਵਰਤਾਰੇ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ।
ਡਾ. ਗਗਨਦੀਪ ਸਿੰਘ, ਸੰਗਰੂਰ
ਮਾੜਾ ਸਲੂਕ
28 ਅਕਤੂਬਰ ਨੂੰ ਨਜ਼ਰੀਆ ਪੰਨੇ ਉੱਤੇ ਸੱਯਦ ਨੁਸਰਤ ਗਿਲਾਨੀ ਅਤੇ ਸੱਯਦ ਆਤਿਫ਼ ਗਿਲਾਨੀ ਦਾ ਮਿਡਲ ‘ਅੱਬੂ ਦੀਆਂ ਯਾਦਾਂ’ ਪੜ੍ਹ ਕੇ ਡਾ. ਸੱਯਦ ਅਬਦੁਲ ਰਹਿਮਾਨ ਗਿਲਾਨੀ ਨਾਲ ਹੋਏ ਸਲੂਕ ਕਾਰਨ ਦੁੱਖ ਹੋਇਆ। ਇਕ ਇਨਸਾਫ਼ਪਸੰਦ ਬੰਦੇ ਨੇ ਕਿੰਨੀਆਂ ਸਜ਼ਾਵਾਂ ਕੱਟੀਆਂ! ਲੱਗਦਾ ਹੈ, ਮੁਸਲਮਾਨ ਹੋਣਾ ਹੀ ਉਨ੍ਹਾਂ ਲਈ ਗੁਨਾਹ ਹੋ ਗਿਆ। ਇਸੇ ਤਰ੍ਹਾਂ ਬੇਗ਼ੁਨਾਹ ਦੀ ਉਨਤੀ ਦੇ ਰਾਹ ਵਿਚ ਰੋੜੇ ਪਾ ਦਿੱਤੇ ਜਾਂਦੇ ਹਨ। ਪਰਿਵਾਰ ਨੂੰ ਜੋ ਸਹਿਣਾ ਪਿਆ, ਉਹ ਅਲੱਗ। ਸਮਾਜ ਤੋਂ ਕੱਟ ਕੇ ਰਹਿਣਾ ਬਹੁਤ ਵੱਡੀ ਸਜ਼ਾ ਸੀ। ਅੱਜ ਵੀ ਬਹੁਤ ਅਜਿਹੇ ਲੋਕ ਸਜ਼ਾ ਕੱਟ ਰਹੇ ਹਨ ਜਿਨ੍ਹਾਂ ਨੂੰ ਕਿਸੇ ਵੀ ਦੰਗੇ ਦਾ ਦੋਸ਼ੀ ਬਣਾ ਦਿੱਤਾ ਗਿਆ। ਜੋ ਗੁਨਾਹ ਉਨ੍ਹਾਂ ਨੇ ਕੀਤਾ ਹੀ ਨਹੀਂ, ਉਸਦੀ ਸਜ਼ਾ ਕੱਟ ਚੁੱਕੇ ਜਾਂ ਕੱਟ ਰਹੇ ਹਨ।
ਪੁਸ਼ਪਿੰਦਰਜੀਤ ਕੌਰ, ਚੰਡੀਗੜ੍ਹ