ਨਵੀਂ ਦਿੱਲੀ, 7 ਫਰਵਰੀ
ਭਾਰਤ ਦੁਨੀਆ ਦਾ ਤੀਜਾ ਅਜਿਹਾ ਦੇਸ਼ ਬਣ ਗਿਆ ਹੈ, ਜਿੱਥੇ ਸਭ ਤੋਂ ਵੱੱਧ ਲੋਕਾਂ ਦਾ ਕਰੋਨਾ ਟੀਕਾਕਰਨ ਕੀਤਾ ਜਾ ਚੁੱਕਾ ਹੈ। ਸਿਰਫ ਅਮਰੀਕਾ ਅਤੇ ਯੂਕੇ ਹੀ ਭਾਰਤ ਤੋਂ ਅੱਗੇ ਹਨ। ਕੇਂਦਰੀ ਸਿਹਤ ਮੰਤਰਾਲੇ ਨੇ ਅੱਜ ਦੱਸਿਆ ਕਿ 12 ਸੂਬਿਆਂ ’ਚ ਦੋ-ਦੋ ਲੱਖ ਤੋਂ ਵੱਧ ਲੋਕਾਂ ਦਾ ਟੀਕਾਕਰਨ ਕੀਤਾ ਗਿਆ ਜਦਕਿ ਇਕੱਲੇ ਉੱਤਰ ਪ੍ਰਦੇਸ਼ ਵਿੱਚ ਹੀ 6,73,542 ਜਣਿਆਂ ਦਾ ਕਰੋਨਾ ਟੀਕਾਕਰਨ ਕੀਤਾ ਜਾ ਚੁੱਕਾ ਹੈ।
ਦੇਸ਼ ਵਿੱਚ 7 ਫਰਵਰੀ ਸਵੇਰੇ 8 ਵਜੇ ਤਕ 57,75,322 ਲੱਖ ਲਾਭਪਾਤਰੀਆਂ ਦਾ ਕਰੋਨਾ ਟੀਕਾਕਰਨ ਕੀਤਾ ਜਾ ਚੁੱਕਾ ਹੈ। ਇਨ੍ਹਾਂ ਵਿੱਚ 53,04,546 ਸਿਹਤ ਵਰਕਰ ਅਤੇ 4,70,776 ਮੂਹਰਲੀ ਕਤਾਰ ਦੇ ਵਰਕਰ ਸ਼ਾਮਲ ਹਨ। ਚੌਵੀ ਘੰਟਿਆਂ ਦੇ ਸਮੇਂ ਦੌਰਾਨ 8,875 ਸ਼ੈਸਨਾਂ ਵਿੱਚ 3,58,473 ਲਾਭਪਾਤਰੀਆਂ ਦਾ ਟੀਕਾਕਰਨ ਕੀਤਾ ਗਿਆ। ਟੀਕਾਕਰਨ ਲਈ ਹੁਣ ਤਕ 1,15,178 ਸ਼ੈਸਨ ਕਰਵਾਏ ਜਾ ਚੁੱਕੇ ਹਨ। ਮੰਤਰਾਲੇ ਵੱਲੋਂ ਕਿਹਾ ਗਿਆ, ‘ਟੀਕਾ ਲਗਵਾਉਣ ਵਾਲੇ ਲਾਭਪਤਾਰੀਆਂ ਦੀ ਗਿਣਤੀ ’ਚ ਰੋਜ਼ਾਨਾ ਵਾਧਾ ਹੋ ਰਿਹਾ ਹੈ। ਦੂਜੇ ਪਾਸੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਰੋਨਾ ਮਹਾਮਾਰੀ ਨਾਲ ਨਜਿੱਠਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਯਤਨਾਂ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਅਗਵਾਈ ਹੇਠ ਭਾਰਤ ਨੇ ਅਸਰਦਾਰ ਢੰਗ ਨਾਲ ਕਰੋਨਾ ਮਹਾਮਾਰੀ ਦਾ ਟਾਕਰਾ ਕੀਤਾ, ਜਿਸ ਨੂੰ ਦੁਨੀਆਂ ਇੱਕ ‘ਮਾਡਲ’ ਮੰਨਦੀ ਹੈ। ਉਨ੍ਹਾਂ ਕਿਹਾ, ‘ਹਰ ਕੋਈ ਹੈਰਾਨ ਸੀ ਕਿ ਵੱਡੀ ਆਬਾਦੀ ਅਤੇ ਕਮਜ਼ੋਰ ਸਿਹਤ ਪ੍ਰਬੰਧ ਢਾਂਚੇ ਵਾਲਾ ਦੇਸ਼ ਮਹਾਮਾਰੀ ਦਾ ਟਾਕਰਾ ਕਿਵੇਂ ਕਰੇਗਾ, ਪਰ ਸਹੀ ਸਮੇਂ ’ਤੇ ਅਸਰਦਾਰ ਕਦਮ ਚੁੱਕੇ ਗਏ।’ -ਪੀਟੀਆਈ
ਭਾਰਤ ’ਚ 12,059 ਨਵੇਂ ਕੇਸ, 78 ਮੌਤਾਂ
ਨਵੀਂ ਦਿੱਲੀ: ਭਾਰਤ ’ਚ ਕਰੋਨਾ ਲਾਗ ਦੇ 12,059 ਨਵੇਂ ਕੇਸ ਮਿਲਣ ਨਾਲ ਦੇਸ਼ ’ਚ ਮਰੀਜ਼ਾਂ ਦੀ ਕੁੱਲ ਗਿਣਤੀ 1,08,26,363 ਹੋ ਗਈ ਹੈ ਜਦਕਿ ਰੋਜ਼ਾਨਾ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਲਗਾਤਾਰ ਤੀਜੇ ਦਿਨ 100 ਤੋਂ ਘੱਟ ਰਹੀ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਲੰਘੇ 24 ਘੰਟਿਆਂ ’ਚ 78 ਹੋਰ ਮੌਤਾਂ ਹੋਣ ਨਾਲ ਲਾਗ ਕਾਰਨ ਮਰਨ ਵਾਲਿਆਂ ਦਾ ਅੰਕੜਾ ਵਧ ਕੇ 1,54,996 ਹੋ ਗਿਆ ਹੈ। ਨੌਂ ਮਹੀਨਿਆਂ ਮਗਰੋਂ ਇੱਕ ਦਿਨ ’ਚ ਹੋਈਆਂ ਇਹ ਸਭ ਤੋਂ ਘੱਟ ਮੌਤਾਂ ਹਨ। ਅੰਕੜਿਆਂ ਮੁਤਾਬਕ ਹੁਣ ਤਕ 1,05,22,601 ਮਰੀਜ਼ ਇਸ ਲਾਗ ਤੋਂ ਉੱੱਭਰ ਚੁੱਕੇ ਹਨ ਜਦਕਿ ਮੌਤ ਦਰ 1.43 ਫ਼ੀਸਦੀ ’ਤੇ ਟਿਕੀ ਹੋਈ ਹੈ। ਇਸੇ ਦੌਰਾਨ ਕਰੋਨਾ ਦੇ ਸਰਗਰਮ ਮਰੀਜ਼ਾਂ ਦੀ ਗਿਣਤੀ ਵੀ ਲਗਾਤਾਰ 2 ਲੱਖ ਤੋਂ ਹੇਠਾਂ ਰਹੀ। ਦੇਸ਼ ਵਿੱਚ ਹੁਣ ਤਕ ਕਰੋਨਾ ਦੇ 1,48,766 ਸਰਗਰਮ ਕੇਸ ਹਨ।