ਨਿੱਜੀ ਪੱਤਰ ਪ੍ਰੇਰਕ
ਬਰਨਾਲਾ, 23 ਦਸੰਬਰ
ਸਿਵਲ ਹਸਪਤਾਲ ’ਚ ਹੱਡੀਆਂ ਦੇ ਮਾਹਿਰ ਡਾ. ਅੰਸ਼ੁਲ ਗਰਗ ਅੇ ਹਰੀਸ ਕੁਮਾਰ ਨੂੰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਨੇ ਸਿਵਲ ਸਰਜਨ ਡਾ. ਜਸਵੀਰ ਸਿੰਘ ਔਲਖ ਵੱਲੋਂ 21 ਅਕਤੂਬਰ 2021 ਨੂੰ ਜਾਂਚ ਮਗਰੋਂ ਮੁਅੱਤਲ ਕਰ ਦਿੱਤਾ ਸੀ। ਦੋਵੇਂ ਡਾਕਟਰਾਂ ਨੇ ਮੁੜ ਜਾਂਚ ਕਰਾਉਣ ਦੀ ਮੰਗ ਕੀਤੀ ਸੀ। ਡਾਇਰੈਕਟਰ ਸਿਹਤ ਵੱਲੋਂ ਮੁੜ ਕੀਤੀ ਜਾਂਚ ’ਚ ਦੋਵੇਂ ਡਾਕਟਰਾਂ ਦੇ ਦੋਸ਼ ਸਿੱਧ ਨਾ ਹੋਣ ’ਤੇ ਦੋਵੇਂ ਡਾਕਟਰਾਂ ਦੇ ਮੁਅੱਤਲੀ ਦੇ ਹੁਕਮ ਰੱਦ ਕਰਕੇ ਸਿਵਲ ਹਸਪਤਾਲ ਵਿਖੇ ਮੁੜ ਤਾਇਨਾਤੀ ਕਰਨ ਦੇ ਹੁਕਮ ਦਿੱਤੇ ਹਨ। ਇਸ ਸਬੰਧੀ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਸਕੱਤਰ ਵਿਕਾਸ ਗਰਗ ਵੱਲੋਂ 22 ਦਸੰਬਰ ਨੂੰ ਬਕਾਇਦਾ ਹੁਕਮ ਜਾਰੀ ਕੀਤੇ ਗਏ ਹਨ। ਵਿਭਾਗ ਦੇ ਸਕੱਤਰ ਵਿਕਾਸ ਗਰਗ ਵੱਲੋਂ ਜਾਰੀ ਕੀਤੇ ਇੱਕ ਹੋਰ ਹੁਕਮ ਅਨੁਸਾਰ ਇਸ ਕੇਸ ਦੇ ਪੜਤਾਲੀਆਂ ਅਫ਼ਸਰ ਸਿਵਲ ਸਰਜਨ ਡਾ.ਜਸਵੀਰ ਸਿੰਘ ਔਲਖ ਦੀ ਬਦਲੀ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਿਖੇ ਕੀਤੀ ਗਈ ਹੈ। ਵਿਭਾਗ ਵੱਲੋਂ ਜਾਰੀ ਹੁਕਮ ’ਚ ਸਿਵਲ ਸਰਜਨ ਨੂੰ ਤੁਰੰਤ ਆਪਣੀ ਹਾਜ਼ਰੀ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਿਖੇ ਕਰਨ ਲਈ ਲਿਖਿਆ ਗਿਆ ਹੈ। ਜਦਕਿ ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਦੇ ਪ੍ਰਮੁੱਖ ਸਕੱਤਰ ਆਲੋਕ ਸ਼ੇਖਰ ਵੱਲੋਂ ਸਿਵਲ ਸਰਜਨ ਡਾ.ਜਸਵੀਰ ਸਿੰਘ ਔਲਖ (ਦਿਵਿਆਂਗ) ਨੂੰ 22 ਜਨਵਰੀ 2022 ਨੂੰ ਭਾਰਤ ਸਰਕਾਰ ਵੱਲੋਂ ਦਿੱਤੇ ਜਾਣ ਵਾਲੇ ਪਦਮ ਐਵਾਰਡ ਲਈ ਆਮ ਰਾਜ ਪ੍ਰਬੰਧ ਵਿਭਾਗ ਦੇ ਪ੍ਰਮੁੱਖ ਸਕੱਤਰ ਵਿਵੇਕ ਪ੍ਰਤਾਪ ਸਿੰਘ ਨੂੰ 26 ਅਗਸਤ 2021 ਨੂੰ ਪੱਤਰ ਜਾਰੀ ਕਰਕੇ ਸਿਫ਼ਾਰਸ ਕੀਤੀ ਗਈ ਹੈ।