ਨਾਗਪੁਰ, 3 ਅਪਰੈਲ
ਮਹਾਰਾਸ਼ਟਰ ਦੇ ਚੰਦਰਪੁਰ ਜ਼ਿਲ੍ਹੇ ’ਚ ਆਸਮਾਨ ਤੋਂ ਬਲਦੀਆਂ ਹੋਈਆਂ ਕੁਝ ਵਸਤਾਂ ਡਿਗਦੀਆਂ ਦਿਖਾਈ ਦਿੱਤੀਆਂ ਜਿਸ ਮਗਰੋਂ ਸਿੰਦੇਵਾਹੀ ਤਹਿਸੀਲ ਦੇ ਦੋ ਪਿੰਡਾਂ ਵਿੱਚ ਲੋਹੇ ਦੇ ਛੱਲੇ ਅਤੇ ਸਿਲੰਡਰ ਵਰਗੀਆਂ ਵਸਤੂਆਂ ਪਈਆਂ ਹੋਈਆਂ ਮਿਲੀਆਂ ਹਨ। ਚੰਦਰਪੁਰ ਦੇ ਜ਼ਿਲ੍ਹਾ ਅਧਿਕਾਰੀ ਅਜੈ ਗੁਲਹਾਨੇ ਦੱਸਿਆ ਕਿ ਸਥਾਨਕ ਲੋਕਾਂ ਨੇ ਬੀਤੇ ਦਿਨ ਸਿੰਦੇਵਾਹੀ ਤਹਿਸੀਲ ਦੇ ਲਾਡਬੇਰੀ ਪਿੰਡ ’ਚ ਲੋਹੇ ਦਾ ਛੱਲਾ ਪਿਆ ਦੇਖਿਆ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਮੁੰਬਈ ਦੇ ਆਫ਼ਤ ਪ੍ਰਬੰਧਨ ਵਿਭਾਗ ਨੂੰ ਜਾਣਕਾਰੀ ਦਿੱਤੀ ਗਈ ਹੈ ਅਤੇ ਇੱਕ ਟੀਮ ਚੰਦਰਪੁਰ ਦਾ ਦੌਰਾ ਕਰ ਸਕਦੀ ਹੈ। ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਇਸੇ ਤਹਿਸੀਲ ਦੇ ਪਵਨਪਾਰ ਪਿੰਡ ’ਚ ਸਿਲੰਡਰ ਜਿਹੀ ਵਸਤੂ ਮਿਲੀ ਹੈ। ਸੋਸ਼ਲ ਮੀਡੀਆ ਦੇ ਕਈ ਵਰਤੋਂਕਾਰਾਂ ਨੇ ਉੱਤਰੀ ਮਹਾਰਾਸ਼ਟਰ ਤੇ ਮੱਧ ਪ੍ਰਦੇਸ਼ ਦੇ ਕੁਝ ਜ਼ਿਲ੍ਹਿਆਂ ’ਚ ਲੰਘੀ ਸ਼ਾਮ ਆਸਮਾਨ ਤੋਂ ਬਲਦੀਆਂ ਹੋਈਆਂ ਵਸਤੂਆਂ ਡਿੱਗਣ ਦੀ ਸੂਚਨਾ ਦਿੱਤੀ। ਅਜਿਹੇ ਹੀ ਦ੍ਰਿਸ਼ ਮਹਾਰਾਸ਼ਟਰ ਦੇ ਬੁਲਢਾਣਾ, ਅਕੋਲਾ ਅਤੇ ਜਲਗਾਂਵ ਜ਼ਿਲ੍ਹਿਆਂ ਵਿੱਚ ਅਤੇ ਗੁਆਂਢੀ ਸੂਬੇ ਮੱਧ ਪ੍ਰਦੇਸ਼ ਦੇ ਬਡਵਾਨੀ, ਭੋਪਾਲ, ਇੰਦੌਰ, ਬੈਤੂਲ ਤੇ ਧਾਰ ਜ਼ਿਲ੍ਹਿਆਂ ’ਚ ਵੀ ਦੇਖਣ ਨੂੰ ਮਿਲੇ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਇਹ ਜਾਂ ਤਾਂ ਪ੍ਰਿਥਵੀ ਦੇ ਵਾਯੂਮੰਡਲ ’ਚ ਦਾਖਲ ਹੋਣ ਵਾਲੇ ਉਲਕਾ ਪਿੰਡ ਹੋ ਸਕਦੇ ਹਨ ਜਾ ਰਾਕੇਟ ਬੂਸਟਰ ਦੇ ਟੁਕੜੇ ਹੋ ਸਕਦੇ ਹਨ ਜੋ ਉਪਗ੍ਰਹਿ ਨੂੰ ਛੱਡਣ ਤੋਂ ਬਾਅਦ ਡਿੱਗ ਜਾਂਦੇ ਹਨ। -ਪੀਟੀਆਈ