ਰਵਿੰਦਰ ਰਵੀ
ਬਰਨਾਲਾ, 13 ਜੁਲਾਈ
ਇਥੇ ਮੀਂਹ ਦੇ ਪਾਣੀ ਦੀ ਸੰੰਭਾਲ ਲਈ ਵੱਡਾ ਹੰਭਲਾ ਮਾਰਦੇ ਹੋਏ ਲਗਪੱਗ 30 ਹੋਰ ਸਕੂਲਾਂ ਵਿੱਚ ਰੂਫ ਟੌਪ ਹਾਰਵੈਸਟਿੰਗ ਸਿਸਟਮ ਲਾਗੂ ਕੀਤਾ ਜਾ ਰਿਹਾ ਹੈ, ਜੋ ਛੱਤਾਂ ਤੋਂ ਡਿੱਗਦੇ ਅਤੇ ਮੀਂਹ ਦੇ ਹੋਰ ਪਾਣੀ ਰਾਹੀਂ ਧਰਤੀ ਹੇਠਲੇ ਪਾਣੀ ਨੂੰ ਰੀਚਾਰਜ ਕਰਨ ਦਾ ਵੱਡਾ ਸਾਧਨ ਹੈ। ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ 30 ਸਕੂਲਾਂ ਦੀਆਂ ਇਮਾਰਤਾਂ ਵਿੱਚ ਰੂਫ ਟੌਪ ਹਾਰਵੈਸਟਿੰਗ ਮਾਡਲ ਲਾਗੂ ਕੀਤਾ ਜਾ ਰਿਹਾ ਹੈ, ਜਿਨਾਂ ਵਿਚੋਂ 18 ਸਕੂਲਾਂ ਵਿੱਚ ਕੰਮ ਜਾਰੀ ਹੈ ਅਤੇ 12 ਸਕੂਲਾਂ ਵਿੱਚ ਸ਼ੁਰੂ ਕੀਤਾ ਜਾਣਾ ਹੈ। ਉਨ੍ਹਾਂ ਦੱਸਿਆ ਕਿ ਜਿਹੜੇ ਪਿੰਡਾਂ ਵਿਚੱ ਕੰਮ ਚੱਲ ਰਿਹਾ ਹੈ, ਉਨਾਂ ਵਿੱਚ ਭੱਠਲਾਂ, ਅਸਪਾਲ ਕਲਾਂ, ਰਾਜਗੜ, ਨੰਗਲ, ਫਰਵਾਹੀ, ਠੁੱਲੀਵਾਲ, ਦੀਵਾਨਾ, ਮੂੰਮ, ਗਹਿਲ, ਕਲਾਲਾ, ਰਾਮਗੜ, ਟੱਲੇਵਾਲ, ਸਹਿਣਾ, ਉਗੋਕੇ, ਵਿਧਾਤੇ, ਦਰਾਜ, ਮਹਿਤਾ, ਨੈਣੇਵਾਲ ਸ਼ਾਮਲ ਹਨ। ਇਸ ਤੋਂ ਇਲਾਵਾ ਭੈਣੀ ਮਹਿਰਾਜ, ਪੱਤੀ ਬਾਜਵਾ, ਕੁੱਬੇ, ਬਡਬਰ, ਕੁਤਬਾ, ਸਹੌਰ, ਕੁਰੜ, ਵਜ਼ੀਦਕੇ ਖੁਰਦ, ਧਨੇਰ, ਮਹਿਲ ਕਲਾਂ, ਚੀਮਾ ਤੇ ਦਰਾਕਾ ਸ਼ਾਮਲ ਹਨ। ਉਨਾਂ ਦੱੱਸਿਆ ਕਿ ਜ਼ਿਲ੍ਹੇ ਦੇ ਕੁਝ ਸਕੂਲਾਂ ਜਿਵੇਂ ਪੱਖੋਕੇ, ਫਤਿਹਗੜ੍ਹ ਛੰਨਾ ਸਣੇ ਅੱੱਧੀ ਦਰਜਨ ਸਕੂਲਾਂ ਵਿਚ ਇਹ ਮਾਡਲ ਪਹਿਲਾਂ ਲਾਗੂ ਕੀਤਾ ਹੋਇਆ ਹੈ। ਡਿਪਟੀ ਕਮਿਸ਼ਨਰ ਨੇ ਅਪੀਲ ਕੀਤੀ ਕਿ ਧਰਤੀ ਹੇਠਲਾ ਪਾਣੀ ਡੂੰਘਾ ਹੁੰਦਾ ਜਾ ਰਿਹਾ ਹੈ, ਇਸ ਲਈ ਹਰ ਜ਼ਿਲਾ ਵਾਸੀ ਜਲ ਸੰਭਾਲ ਵਿਚ ਯੋਗਦਾਨ ਪਾਵੇ ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨਵਲ ਰਾਮ ਨੇ ਦੱਸਿਆ ਕਿ ਮੀਂਹ ਦੇ ਪਾਣੀ ਦੀ ਸੰਭਾਲ ਇਹ ਮਾਡਲ ਕਾਫੀ ਸਫਲ ਹੈ।