ਜੋਗਿੰਦਰ ਸਿੰਘ ਮਾਨ
ਮਾਨਸਾ, 28 ਸਤੰਬਰ
ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਮਾਨਸਾ ਵਿੱਚ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਦੀ ਅਗਵਾਈ ਵਿੱਚ ਕਾਲਜ ਦੇ ਐੱਚਈਆਈਐੱਸ ਵਿਭਾਗ ਨੂੰ ਬੰਦ ਹੋਣ ਤੋਂ ਰੋਕਣ ਲਈ ਵਿਭਾਗ ਦੇ ਅਧਿਆਪਕਾਂ ਵੱਲੋਂ ਪੱਕਾ ਮੋਰਚਾ ਸ਼ੁਰੂ ਕੀਤਾ ਗਿਆ ਹੈ। ਇਸ ਮੋਰਚੇ ਵਿੱਚ ਅਧਿਆਪਕਾਂ ਦੇ ਨਾਲ ਵਿਦਿਆਰਥੀ ਜਥੇਬੰਦੀਆਂ ਦੇ ਆਗੂਆਂ ਨੇ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਆਲ ਇੰਡੀਆਂ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਦੇ ਸੂਬਾ ਪ੍ਰਧਾਨ ਪ੍ਰਦੀਪ ਸਿੰਘ ਗੁਰੂ ਅਤੇ ਐੱਚਈਆਈਐੱਸ ਵਿਭਾਗ ਦੇ ਪ੍ਰੋ. ਪ੍ਰਿਆ ਗੁਪਤਾ ਨੇ ਕਿਹਾ ਕਿ ਕਾਲਜ ਪ੍ਰਸ਼ਾਸਨ ਨੇ ਵਿਭਾਗ ਨੂੰ ਬੰਦ ਕਰਨ ਦੀ ਕੋਝੀ ਚਾਲ ਚੱਲੀ ਹੈ, ਕਿਉਂਕਿ ਇਸ ਡਿਪਾਰਟਮੈਂਟ ਵਿੱਚ ਜ਼ਿਆਦਾ ਗਿਣਤੀ ਵਿੱਚ ਦਲਿਤ ਵਿਦਿਆਰਥੀ ਹਨ, ਜਿਸ ਕਰਕੇ ਇਸ ਨੂੰ ਬੰਦ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਲਜ ਪ੍ਰਸ਼ਾਸ਼ਨ ਦੀ ਜ਼ਿੱਦ ਕਾਰਨ ਕੰਪਿਊਟਰ ਵਿਭਾਗ ਦੇ ਵਿਦਿਆਰਥੀ ਖੱਜਲ-ਖੁਆਰ ਹੋ ਰਹੇ ਹਨ ਅਤੇ ਉਨ੍ਹਾਂ ਦੇ ਭਵਿੱਖ ਦਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਲਜ ਪ੍ਰਸ਼ਾਸਨ, ਦਲਿਤ ਵਿਦਿਆਰਥੀਆਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਕੋਰਸ ਬੰਦ ਕਰਕੇ ਦਲਿਤ ਵਿਦਿਆਰਥੀਆਂ ਤੋਂ ਉਨ੍ਹਾਂ ਦੀ ਸਿੱਖਿਆ ਦਾ ਹੱਕ ਖੋਹਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਇੱਕੋ-ਇੱਕ ਸਰਕਾਰੀ ਕਾਲਜ ਹੈ, ਜਿਸ ਦੇ ਕੰਪਿਊਟਰ ਵਿਭਾਗ ਵਿੱਚ ਦਲਿਤ ਅਤੇ ਗਰੀਬ ਜਰਨਲ ਪਰਿਵਾਰਾਂ ਦੇ ਵਿਦਿਆਰਥੀ ਘੱਟ ਖਰਚੇ ’ਤੇ ਪੜ੍ਹਾਈ ਹਾਸਲ ਕਰਦੇ ਹਨ। ਉਨ੍ਹਾਂ ਕਿਹਾ ਕਿ ਇਸ ਕੰਪਿਊਟਰ ਵਿਭਾਗ ਦੇ ਬੰਦ ਹੋਣ ਦਲਿਤ ਅਤੇ ਗਰੀਬ ਪਰਿਵਾਰਾਂ ਦੇ ਵਿਦਿਆਰਥੀ ਜੋ ਕੰਪਿਊਟਰ ਕੋਰਸ ਕਰਨਾ ਚਾਹੁੰਦੇ ਹਨ, ਦਾ ਭਵਿੱਖ ਹਨੇਰੇ ਵਿੱਚ ਚਲਾ ਜਾਵੇਗਾ। ਇਸ ਮੌਕੇ ਗੁਰਵਿੰਦਰ ਸਿੰਘ ਨੰਦਗੜ੍ਹ, ਜਗਸੀਰ ਸਿੰਘ, ਅਮਨਦੀਪ, ਚਰਨਜੀਤ ਕੌਰ ਤੇ ਹੋਰ ਹਾਜ਼ਰ ਸਨ।