ਖੇਤਰੀ ਪ੍ਰਤੀਨਿਧ
ਲੁਧਿਆਣਾ, 4 ਜੂਨ
ਸਨਅਤੀ ਸ਼ਹਿਰ ਲੁਧਿਆਣਾ ਵਿੱਚ ਟ੍ਰੈਫਿਕ ਦੀ ਸਮੱਸਿਆ ਨੂੰ ਦੂਰ ਕਰਨ ਲਈ ਜੀਟੀ ਰੋਡ ’ਤੇ ਬਣਾਏ ਜਾ ਰਹੇ ਪੁਲਾਂ ਹੇਠੋਂ ਹੁਣ ਤਾਜਪੁਰ ਰੋਡ ਅਤੇ ਟਿੱਬਾ ਰੋਡ ਦੇ ਆਸ-ਪਾਸ ਦੇ ਲੋਕਾਂ ਨੂੰ ਸਤੰਬਰ ਮਹੀਨੇ ਤੱਕ ਰਾਹ ਮਿਲਣ ਦੀ ਆਸ ਬੱਝ ਗਈ ਹੈ। ਇਨ੍ਹਾਂ ਦੋਵਾਂ ਥਾਵਾਂ ’ਤੇ ਪੁਲ ਦਾ ਅੱਧੇ ਤੋਂ ਵੱਧ ਕੰਮ ਮੁਕੰਮਲ ਹੋ ਗਿਆ ਹੈ। ਦੂਜੇ ਪਾਸੇ ਹਲਕਾ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਦਾ ਕਹਿਣਾ ਹੈ ਕਿ ਉਹ ਇਨ੍ਹਾਂ ਰਾਹਾਂ ਲਈ ਸਾਲ 2011 ਤੋਂ ਦਿੱਲੀ ਅਤੇ ਚੰਡੀਗੜ੍ਹ ਵਿੱਚ ਅਧਿਕਾਰੀਆਂ ਨੂੰ ਮਿਲਦੇ ਆ ਰਹੇ ਹਨ। ਜੀਟੀ ਰੋਡ ’ਤੇ ਪਹਿਲਾਂ ਤਾਜਪੁਰ ਰੋਡ ਅਤੇ ਟਿੱਬਾ ਰੋਡ ਨੂੰ ਸ਼ਹਿਰ ਨਾਲ ਜੋੜਨ ਲਈ ਵੱਖੋ-ਵੱਖਰੇ ਲਾਂਘੇ ਬਣੇ ਹੋਏ ਸਨ। ਪਰ ਜਦੋਂ ਦਾ ਪੁਲ ਬਣਨਾ ਸ਼ੁਰੂ ਹੋਇਆ ਹੈ, ਇਨ੍ਹਾਂ ਇਲਾਕਿਆਂ ਦੇ ਲੋਕਾਂ ਨੂੰ ਜਲੰਧਰ ਵਾਲੇ ਪਾਸੇ ਜਾਣ ਲਈ ਸਮਰਾਲਾ ਚੌਕ ਤੋਂ ਹੋ ਕੇ ਵਾਪਸ ਆਉਣਾ ਪੈਂਦਾ ਹੈ। ਅਜਿਹਾ ਹੋਣ ਨਾਲ ਜਿੱਥੇ ਸਮਰਾਲਾ ਚੌਕ ਵਿੱਚ ਟ੍ਰੈਫਿਕ ਵਧਦਾ ਹੈ ਉੱਥੇ ਵਾਹਨਾਂ ਵਿੱਚ ਪੈਟਰੋਲ/ਡੀਜ਼ਲ ਅਤੇ ਸਮੇਂ ਦੀ ਬਰਬਾਦੀ ਵੀ ਹੋ ਰਹੀ ਹੈ। ਇਨ੍ਹਾਂ ਇਲਾਕਿਆਂ ਵਿੱਚ ਜ਼ਿਆਦਾ ਆਬਾਦੀ ਦਿਹਾੜੀਦਾਰ ਮਜ਼ਦੂਰਾਂ ਦੀ ਹੈ ਜਿਸ ਕਰਕੇ ਕੰਮ ਲਈ ਉਨ੍ਹਾਂ ਨੂੰ ਸਵੇਰੇ ਸ਼ਾਮ ਇਸ ਸੜਕ ਤੋਂ ਹੋ ਕੇ ਲੰਘਣਾ ਪੈਂਦਾ ਹੈ। ਲੁਧਿਆਣਾ-ਜਲੰਧਰ ਰੋਡ ’ਤੇ ਬਣ ਰਹੇ ਉਕਤ ਪੁਲਾਂ ਹੇਠਾਂ ਪਹਿਲਾਂ ਰਾਹ ਬਣਾਉਣ ਦੀ ਤਜਵੀਜ਼ ਨਹੀਂ ਸੀ। ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਨੇ ਦੱਸਿਆ ਕਿ ਪੁਲ ਹੇਠੋਂ ਰਾਹ ਦਾ ਕੰਮ ਇਸ ਸਾਲ 30 ਸਤੰਬਰ ਤੱਕ ਪੂਰਾ ਹੋ ਜਾਵੇਗਾ। ਇਸ ਰਾਹ ਦੇ ਸ਼ੁਰੂ ਹੋਣ ਨਾਲ ਹਲਕਾ ਪੂਰਬੀ ਵਿੱਚ ਰਹਿੰਦੇ ਹਜ਼ਾਰਾਂ ਪਰਿਵਾਰਾਂ ਨੂੰ ਲਾਭ ਮਿਲੇਗਾ।