ਨਿੱਜੀ ਪੱਤਰ ਪ੍ਰੇਰਕ
ਫ਼ਰੀਦਕੋਟ, 10 ਅਗਸਤ
ਬੀਐੱਸਐੱਫ ਆਰਟਿਲਰੀ ਹੈੱਡਕੁਆਰਟਰ ਫਰੀਦਕੋਟ ਦੇ ਸੇਵਾ ਮੁਕਤ ਬ੍ਰਿਗੇਡੀਅਰ ਰਾਜੀਵ ਲੋ ਨੇ ਦੱਸਿਆ ਕਿ ਸੀਮਾ ਸੁਰੱਖਿਆ ਬਲ ਦੇ ਤੋਪਖਾਨੇ ਨੇ ਆਪਣੀ 50ਵੀਂ ਵਰ੍ਹੇਗੰਢ ਦੇ ਮੌਕੇ ਗੋਲਡਨ ਜੁਬਲੀ ਮਨਾਉਂਦੇ ਹੋਏ ਰਾਸ਼ਟਰ ਨੂੰ ਸਮਰਪਿਤ ਸੇਵਾਵਾਂ ਦੇ ਆਪਣੇ 50ਵੇਂ ਸਾਲ ਵਿੱਚ ਪ੍ਰਵੇਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਆਰਟਿਲਰੀ ਸਵਰਨ ਜੈਅੰਤੀ ਸਾਈਕਲ ਰੈਲੀ ਬਾਰਾਮੂਲਾ (ਜੰਮੂ ਅਤੇ ਕਸ਼ਮੀਰ) ਤੋਂ ਸ਼ੁਰੂ ਹੋਈ ਅਤੇ ਜੰਮੂ, ਪਠਾਨਕੋਟ ਅਤੇ ਅੰਮ੍ਰਿਤਸਰ ਤੋਂ ਹੁੰਦੀ ਹੋਈ ਤਕਰੀਬਨ 700 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਫਰੀਦਕੋਟ ਪਹੁੰਚੀ। ਇਸੇ ਤਰ੍ਹਾਂ ਸੀਮਾ ਸੁਰੱਖਿਆ ਬਲ ਦੀ ਤੋਪਖਾਨਾ ਸਵਰਨ ਜੈਅੰਤੀ ਸਾਈਕਲ ਰੈਲੀ ਭੁਜ ਗੁਜਰਾਤ ਤੋਂ ਸ਼ੁਰੂ ਹੋਈ ਅਤੇ ਦਾਂਤੀਵਾੜਾ, ਬਾੜਮੇਰ, ਜੈਸਲਮੇਰ, ਬੀਕਾਨੇਰ, ਸ਼੍ਰੀ ਗੰਗਾਨਗਰ, ਅਬੋਹਰ, ਸ਼੍ਰੀ ਮੁਕਤਸਰ ਸਾਹਿਬ, ਫਰੀਦਕੋਟ ਪਹੁੰਚਣ ਤੱਕ ਲਗਪਗ 1500 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਬੀ.ਐਸ.ਐਫ. ਹੈਡਕੁਆਟਰ ਫਰੀਦਕੋਟ ਪੁੱਜੀ, ਜਿੱਥੇ ਸਕੂਲੀ ਬੱਚਿਆਂ, ਬੀ.ਐੱਸ.ਐਫ. ਅਧਿਕਾਰੀ, ਸਥਾਨਕ ਪ੍ਰਸ਼ਾਸਨ ਅਤੇ ਸਥਾਨਕ ਲੋਕਾਂ ਵੱਲੋਂ ਰੈਲੀ ਦਾ ਸਵਾਗਤ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਉਨ੍ਹਾਂ ਕਿਹਾ ਕਿ ਸੀਮਾ ਸੁਰੱਖਿਆ ਬਲ ਦੀਆਂ ਵੱਖ -ਵੱਖ ਤੋਪਖਾਨੇ ਰੈਜੀਮੈਂਟਾਂ ਦੇ 50 ਸਾਈਕਲ ਸਵਾਰ 13 ਅਗਸਤ ਨੂੰ ਸੰਯੁਕਤ ਚੈੱਕ ਪੋਸਟ ਅਟਾਰੀ ਵਿੱਚ ਸੀਮਾ ਸੁਰੱਖਿਆ ਬਲ ਦੀ ਗੋਲਡਨ ਜੁਬਲੀ ਸਾਈਕਲ ਰੈਲੀ ਵਿੱਚ ਹਿੱਸਾ ਲੈਣਗੇ। ਇਸ ਮੌਕੇ ਐਸ.ਪੀ. ਕੁਲਦੀਪ ਸਿੰਘ ਸੋਹੀ, ਕਮਾਂਡਰ ਛਤਰਪਾਲ, ਸ਼ਕਤੀ ਸਿੰਘ ਤੰਵਰ, ਡਿਪਟੀ ਕਮਾਂਡਰ ਸੁਭਾਸ਼ ਚੰਦਰ, ਸਾਬਕਾ ਡੀ.ਆਈ.ਜੀ. ਜੰਗੀਰ ਸਿੰਘ, ਡਾਇਰੈਕਟਰ ਦਸਮੇਸ਼ ਸਕੂਲ ਗੁਰਚਰਨ ਸਿੰਘ, ਐਸ.ਬੀ.ਆਈ ਮੈਨੇਜਰ ਸੁਸੀਲ ਸਿੰਗਲਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।