ਪੱਤਰ ਪ੍ਰੇਰਕ
ਬਸੀ ਪਠਾਣਾਂ, 30 ਮਈ
ਬਸੀ ਪਠਾਣਾਂ ਪੁਲੀਸ ਨੇ ਇੱਕ ਕਤਲ ਦੇ ਮਾਮਲੇ ’ਚ ਕਥਿਤ ਦੋਸ਼ੀ ਨੂੰ ਵਾਰਦਾਤ ਦੇ 4 ਘੰਟਿਆਂ ਅੰਦਰ ਹੀ ਕਾਬੂ ਕਰ ਕੇ ਮਾਮਲਾ ਸੁਲਝਾਉਣ ਦਾ ਦਾਅਵਾ ਕਰਦਿਆਂ ਪ੍ਰੈੱਸ ਕਾਨਫਰੰਸ ਵਿੱਚ ਦੱਸਿਆ ਕਿ 29 ਮਈ ਨੂੰ ਸਤਨਾਮ ਕੌਰ ਉਰਫ ਸੀਮਾ ਵਾਸੀ ਪਿੰਡ ਰੈਲੋਂ ਥਾਣਾ ਬਸੀ ਪਠਾਣਾਂ ਮੌਜੂਦਾ ਵਾਸੀ ਸਨਸਿਟੀ ਕਲੋਨੀ ਬਸੀ ਪਠਾਣਾਂ ਨੇ ਪੁਲੀਸ ਕੋਲ ਦਰਜ ਕਰਵਾਈ ਸ਼ਿਕਾਇਤ ਵਿੱਚ ਦੋਸ਼ ਲਾਇਆ ਸੀ ਕਿ ਉਸ ਦੇ ਪਤੀ ਅਮਰੀਕ ਸਿੰਘ ਨੂੰ 28 ਮਈ 2021 ਨੂੰ ਹੋਰੀਲ ਰਾਮ ਉਰਫ਼ ਹਰੀ ਰਾਮ ਵਾਸੀ ਪਿੰਡ ਨਰਵਾਰਾ ਜ਼ਿਲ੍ਹਾ ਸਿਵਹਰ ਬਿਹਾਰ, ਮੌਜੂਦਾ ਵਾਸੀ ਸਨਸਿਟੀ ਕਲੋਨੀ ਬਸੀ ਪਠਾਣਾਂ ਨੇ ਜਾਨੋਂ ਮਾਰ ਦਿੱਤਾ ਹੈ।
ਡੀ.ਐੱਸ.ਪੀ. ਬਸੀ ਸੁਖਮਿੰਦਰ ਸਿੰਘ ਚੌਹਾਨ ਮੁਤਾਬਕ ਸ਼ਿਕਾਇਤ ਦੇ ਆਧਾਰ ’ਤੇ ਥਾਣਾ ਮੁਖੀ ਮਨਪ੍ਰੀਤ ਸਿੰਘ ਦਿਓਲ ਵੱਲੋਂ ਕਥਿਤ ਦੋਸ਼ੀ ਹੋਰੀਲ ਰਾਮ ਖਿਲਾਫ਼ ਕੇਸ ਦਰਜ ਕੀਤਾ ਗਿਆ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਤਫਤੀਸ਼ ’ਚ ਸਾਹਮਣੇ ਆਇਆ ਕਿ ਕਥਿਤ ਦੋਸ਼ੀ ਹੋਰੀਲ ਰਾਮ ਵੱਲੋਂ ਅਮਰੀਕ ਸਿੰਘ ਦੀ ਹੱਤਿਆ ਕਰ ਕੇ ਉਸ ਦੀ ਲਾਸ਼ ਨੂੰ ਪੱਖੇ ਵਾਲੀ ਹੁੱਕ ਨਾਲ ਲਟਕਾ ਦਿੱਤਾ ਗਿਆ ਸੀ ਤਾਂ ਜੋ ਕਤਲ ਆਤਮਹੱਤਿਆ ਨਜ਼ਰ ਆਵੇ ਪਰ ਪੁਲੀਸ ਵੱਲੋਂ ਕੀਤੀ ਤਫਤੀਸ਼ ਦੌਰਾਨ ਮਾਮਲੇ ਨੂੰ 4 ਘੰਟਿਆਂ ਵਿੱਚ ਹੱਲ ਕਰ ਕੇ ਕਥਿਤ ਦੋਸ਼ੀ ਨੂੰ ਕਾਬੂ ਕਰ ਲਿਆ ਗਿਆ। ਪੁਲੀਸ ਨੇ ਦੱਸਿਆ ਕਿ ਕਥਿਤ ਦੋਸ਼ੀ ਹੋਰੀਲ ਰਾਮ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ।