ਗੁਰਨਾਮ ਸਿੰਘ ਚੌਹਾਨ
ਪਾਤੜਾਂ, 24 ਨਵੰਬਰ
ਪਿੰਡ ਜਿਉਣਪੁਰਾ ਦੇ ਨੀਲੇ ਕਾਰਡ ਧਾਰਕਾਂ ਨੇ ਡਿੱਪੂ ਹੋਲਡਰ ’ਤੇ ਸਰਕਾਰ ਵੱਲੋਂ ਭੇਜੀ ਜਾ ਰਹੀ ਕਣਕ ਪੂਰੀ ਨਾ ਦਿੱਤੇ ਜਾਣ ਦੇ ਦੋਸ਼ ਲਾਏ ਹਨ। ਇਸੇ ਦੌਰਾਨ ਪਿੰਡ ਵਾਸੀਆਂ ਨੇ ਜਦੋਂ ਇਨਸਾਫ਼ ਲਈ ਇਕੱਠ ਕੀਤਾ ਤਾਂ ਡਿੱਪੂ ਹੋਲਡਰ ਕਣਕ ਛੱਡ ਕੇ ਭੱਜ ਗਿਆ। ਰੋਹ ਵਿੱਚ ਆਏ ਲੋਕਾਂ ਨੇ ਸੜਕ ’ਤੇ ਧਰਨਾ ਲਾਉਣ ਦੀ ਚਿਤਾਵਨੀ ਦਿੱਤੇ ਮਗਰੋਂ ਫੂਡ ਸਪਲਾਈ ਵਿਭਾਗ ਹਰਕਤ ਵਿੱਚ ਆਇਆ। ਅਧਿਕਾਰੀਆਂ ਨੇ ਮੌਕੇ ’ਤੇ ਜਾ ਕੇ ਲੋਕਾਂ ਨੂੰ ਕਣਕ ਦਿਵਾਈ ਤੇ ਪਿੰਡ ਵਾਸੀਆਂ ਦੀ ਸ਼ਿਕਾਇਤ ਦੀ ਪੜਤਾਲ ਕਰ ਕੇ ਡੀਪੂ ਹੋਲਡਰ ਖ਼ਿਲਾਫ਼ ਕਾਰਵਾਈ ਦਾ ਭਰੋਸਾ ਦਿੱਤਾ।
ਇਸ ਸਬੰਧੀ ਬਲਵਿੰਦਰ ਸਿੰਘ ਨੇ ਕਿਹਾ ਕਿ ਉਸ ਦੇ ਪਰਿਵਾਰ ਦਾ ਕੇਂਦਰ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਕਣਕ ਦਾ ਕਾਰਡ ਬਣਿਆ ਹੋਇਆ ਹੈ। ਇਸ ਵਾਰ ਉਨ੍ਹਾਂ ਨੂੰ ਕਣਕ ਦੇਣ ਲਈ ਡਿੱਪੂ ਹੋਲਡਰ ਨੇ ਕਰੀਬ ਦੋ ਮਹੀਨੇ ਪਹਿਲਾਂ ਪਰਚੀਆਂ ਦਿੱਤੀਆਂ ਸਨ। ਇਸ ਤਹਿਤ ਬਣਦੀ ਇੱਕ ਕੁਇੰਟਲ ਕਣਕ ਦੀ ਥਾਂ 75 ਕਿਲੋ ਕਣਕ ਦਿੱਤੀ ਗਈ। ਪੁੱਛੇ ਜਾਣ ’ਤੇ ਡਿੱਪੂ ਹੋਲਡਰ ਨੇ ਹੋਰ ਕਣਕ ਦੇਣ ਤੋਂ ਜਵਾਬ ਦਿੱਤਾ ਹੈ। ਇਸੇ ਤਰ੍ਹਾਂ ਹਰਵਿੰਦਰ ਸਿੰਘ ਤੇ ਪੰਚਾਇਤ ਮੈਂਬਰ ਬਲਬੀਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿਚ ਬਹੁਤੇ ਲੋਕਾਂ ਨੂੰ ਕਣਕ ਪੂਰੀ ਨਹੀਂ ਦਿੱਤੀ ਜਾਂਦੀ। ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਡਿੱਪੂ ਹੋਲਡਰ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਇਸ ਦੌਰਾਨ ਇੰਸਪੈਕਟਰ ਮਨੋਜ ਕੁਮਾਰ ਦੀ ਅਗਵਾਈ ਵਿੱਚ ਆਈ ਫੂਡ ਸਪਲਾਈ ਵਿਭਾਗ ਦੀ ਟੀਮ ਨੇ ਸ਼ਿਕਾਇਤ ਕਰਨ ਵਾਲੇ ਲੋਕਾਂ ਨੂੰ ਸ਼ਾਂਤ ਕਰ ਕੇ ਕਣਕ ਦਿਵਾਈ। ਉਨ੍ਹਾਂ ਲਿਖਤੀ ਸ਼ਿਕਾਇਤ ’ਤੇ ਪੜਤਾਲ ਕਰ ਕੇ ਬਣਦੀ ਕਾਰਵਾਈ ਅਮਲ ਵਿੱਚ ਲਿਆਉਣ ਦਾ ਭਰੋਸਾ ਦਿਵਾਇਆ।
ਡਿੱਪੂ ਹੋਲਡਰ ਨੇ ਲੋਕਾਂ ਵੱਲੋਂ ਲਾਏ ਦੋਸ਼ਾਂ ਨੂੰ ਝੂਠੇ ਦੱਸਿਆ। ਉਸ ਨੇ ਕਿਹਾ ਕਿ ਕਣਕ ਦੀ ਸਹੀ ਵੰਡ ਕਰ ਰਿਹਾ ਹੈ ਪਰ ਕੁਝ ਲੋਕ ਉਸ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਕਰ ਰਹੇ ਹਨ।