ਬੀਰਬਲ ਰਿਸ਼ੀ
ਸ਼ੇਰਪੁਰ, 4 ਜੂਨ
ਕੁਆਪਰੇਟਿਵ ਸੁਸਾਇਟੀ ਦੀ ਮੈਂਬਰ ਬੀਬੀ ਦੇ ਪੁੱਤਰ ਨੂੰ ਚੈੱਕ ’ਤੇ ਦਸਤਖ਼ਤ ਹੋਣ ਦੇ ਬਾਵਜੂਦ ਰੁਪਏ ਨਾ ਦੇਣ ਵਿਰੁੱਧ ਬੀਕੇਯੂ ਏਕਤਾ ਉਗਰਾਹਾਂ ਨੇ ਜਥੇਬੰਦੀ ਦੇ ਆਗੂ ਬਲਵੰਤ ਸਿੰਘ ਛੰਨਾ ਦੀ ਅਗਵਾਈ ਹੇਠ ਕੋਆਪ੍ਰੇਟਿਵ ਬੈਂਕ ਕਾਤਰੋਂ ਅੱਗੇ ਧਰਨਾ ਦਿੱਤਾ ਅਤੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਥਾਣਾ ਸਦਰ ਦੀ ਪੁਲੀਸ ਵੀ ਮੌਕੇ ’ਤੇ ਪਹੁੰਚੀ ਨੇ ਜਿਸ ਨੇ ਦੋਵਾਂ ਧਿਰਾਂ ਦਰਮਿਆਨ ਹਾਂ-ਪੱਖੀ ਭੂਮਿਕਾ ਅਦਾ ਕੀਤੀ।
ਬੀਕੇਯੂ ਏਕਤਾ ਉਗਰਾਹਾਂ ਦੇ ਮੋਹਰੀ ਆਗੂ ਸੁਖਵਿੰਦਰ ਸਿੰਘ ਲੀਲਾ, ਬਲਵੰਤ ਸਿੰਘ ਛੰਨਾ, ਇਕਾਈ ਪ੍ਰਧਾਨ ਜ਼ੋਰਾ ਸਿੰਘ, ਹਰਜਿੰਦਰ ਸਿੰਘ ਬਾਬਾ ਨੇ ਧਰਨਾਕਾਰੀ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕੋਆਪਰੇਟਿਵ ਬੈਂਕ ਦੇ ਮੈਨੇਜਰ ਅਤੇ ਹੋਰ ਲੋਕਾਂ ਨੂੰ ਹੈਰਾਨ ਪ੍ਰੇਸ਼ਾਨ ਕਰਦੇ ਹਨ। ਆਪਣੇ ਕੈਸ਼ ਲੈਣ-ਦੇਣ ਲਈ ਉਕਤ ਬੈਂਕ ਵਿੱਚ ਖੋਲ੍ਹੇ ਖਾਤੇ ’ਚੋਂ ਪੈਸੇ ਕਢਵਾਉਣ ਲਈ ਕਿਸੇ ਘਰੇਲੂ ਮਜਬੂਰੀਵਸ਼ ਖੁਦ ਜਾਣ ਦੀ ਥਾਂ ਚਰਨਜੀਤ ਕੌਰ ਨੇ ਆਪਣੇ ਪੁੱਤਰ ਨੂੰ ਰੁਪਏ ਕਢਵਾਉਣ ਲਈ ਚੈੱਕ ਦੇ ਕੇ ਭੇਜਿਆ ਪਰ ਬੈਂਕ ਮੈਨੇਜਰ ਨੇ ਸਾਫ ਜਵਾਬ ਦੇ ਦਿੱਤਾ। ਆਗੂਆਂ ਨੇ ਕਿਸਾਨਾਂ ਨੂੰ ਕਿਸ਼ਤਾਂ ਵਿੱਚ ਜਾਰੀ ਕੀਤੇ ਜਾਂਦੇ ਥੋੜ੍ਹੇ-ਥੋੜ੍ਹੇ ਚੈੱਕਾਂ ਨੂੰ ਹਾਸੋਹੀਣਾ ਕਰਾਰ ਦਿੰਦਿਆਂ ਚੈੱਕ ਦੇ ਖਰਚੇ ’ਤੇ ਵੀ ਸੁਆਲ ਚੁੱਕੇ। ਆਗੂਆਂ ਨੇ ਦਾਅਵਾ ਕੀਤਾ ਕਿ ਧਰਨੇ ਮਗਰੋਂ ਬੈਂਕ ਮੈਨੇਜਰ ਨੇ ਸਮੂਹ ਸਟਾਫ਼ ਦੀ ਤਰਫ਼ੋਂ ਆਪਣੀ ਗਲਤੀ ਮਹਿਸੂਸ ਕਰਦਿਆਂ ਉਸੇ ਚੈੱਕ ’ਤੇ ਬਣਦੀ ਰਾਸ਼ੀ ਜਾਰੀ ਕਰ ਦਿੱਤੀ ਜਿਸ ਮਗਰੋਂ ਕਿਸਾਨ ਜਥੇਬੰਦੀ ਨੇ ਆਪਣਾ ਧਰਨਾ ਚੁੱਕ ਲਿਆ। ਉਧਰ ਮੈਨੇਜਰ ਹਰਜੰਟ ਸਿੰਘ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਆਮ ਚੈੱਕ ਨਹੀਂ ਸਗੋਂ ਲਿਮਟ ਦਾ ਚੈੱਕ ਹੈ ਜਿਸ ਦੀ ਰਾਸ਼ੀ ਲਈ ਸਬੰਧਤ ਵਿਅਕਤੀ ਦਾ ਮੌਕੇ ’ਤੇ ਹੋਣ ਸਬੰਧੀ ਬਕਾਇਦਾ ਇੰਸਪੈਕਟਰ ਵੱਲੋਂ ਚਿੱਠੀ ਕੱਢੀ ਹੋਈ ਹੈ। ਉਨ੍ਹਾਂ ਕਿਹਾ ਕਿ ਸਬੰਧਤ ਬੀਬੀ ਦੇ ਹਸਪਤਾਲ ਵਿੱਚ ਹੋਣ ਸਬੰਧੀ ਖੁਦ ਕਿਸਾਨਾਂ ਨੇ ਦਾਅਵਾ ਕੀਤਾ ਜਿਸ ਕਰਕੇ ਉਹ ਕਿਵੇਂ ਕੈਸ਼ ਪੇਮੈਂਟ ਦੇ ਸਕਦੇ ਸਨ। ਗਲਤੀ ਮੰਨਣ ਸਬੰਧੀ ਪੁੱਛੇ ਜਾਣ ‘ਤੇ ਉਨ੍ਹਾਂ ਅਣਮੰਨੇ ਮਨ ਨਾਲ ਕਿਹਾ ਕਿ ਗਲਤੀ ਮੰਨੀ ਸੀ ਅਤੇ ਮਾਮਲਾ ਨਿਪਟ ਗਿਆ ਹੈ।