ਦਰਸ਼ਨ ਸਿੰਘ ਸੋਢੀ
ਮੁਹਾਲੀ, 13 ਜੁਲਾਈ
ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਇੱਥੋਂ ਦੇ ਫੇਜ਼-5 ਸਥਿਤ ਜਲ ਘਰ ਵਿਖੇ ਵਾਟਰ ਆਗੂਮੈਂਟੇਸ਼ਨ ਮਿਸ਼ਨ ਸਕੀਮ ਵਾਟਰ ਬੂਸਟਰ ਪਲਾਂਟ ਦਾ ਨੀਂਹ ਰੱਖਿਆ, ਜਦੋਂਕਿ ਫੇਜ਼-10 ਦੇ ਬੂਸਟਰ ਪਲਾਂਟ ਦਾ ਦੌਰਾ ਕਰਕੇ ਨਵੀਂ ਮਸ਼ੀਨਰੀ ਲਗਾਉਣ ਦੇ ਆਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਫੇਜ਼-5 ਵਿੱਚ ਵਾਟਰ ਟੈਂਕ ਬਣਾ ਕੇ 9 ਲੱਖ ਲਿਟਰ ਪਾਣੀ ਸਟੋਰ ਕੀਤਾ ਜਾਵੇਗਾ ਅਤੇ ਚਾਰ ਮੋਟਰਾਂ ਲਗਾ ਕੇ ਪਾਣੀ ਨੂੰ ਬੂਸਟ ਕੀਤਾ ਜਾਵੇਗਾ। ਜਿਸ ਨਾਲ ਆਲੇ ਦੁਆਲੇ ਦੇ ਇਲਾਕੇ ਵਿੱਚ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਮੱਸਿਆ ਨਹੀਂ ਆਵੇਗੀ। ਇਸ ਕੰਮ ’ਤੇ ਡੇਢ ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸ ਮੌਕੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਹਾਜ਼ਰ ਸਨ। ਸਿਹਤ ਮੰਤਰੀ ਨੇ ਕਿਹਾ ਕਿ ਕਜੌਲੀ ਤੋਂ 5 ਐੱਮਜੀਡੀ ਪਾਣੀ ਛੇਤੀ ਹੀ ਮੁਹਾਲੀ ਨੂੰ ਮਿਲਣਾ ਸ਼ੁਰੂ ਹੋਵੇਗਾ। ਇਸ ਮੌਕੇ ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਸਿਹਤ ਮੰਤਰੀ ਵੱਲੋਂ ਰੱਖੇ ਗਏ ਇਨ੍ਹਾਂ ਨੀਂਹ ਪੱਥਰਾਂ ਸਬੰਧੀ ਵਿਸ਼ੇਸ਼ ਤੌਰ ’ਤੇ ਉਨ੍ਹਾਂ ਦਾ ਧੰਨਵਾਦ ਕੀਤਾ। ਸਮਾਗਮਾਂ ਦੇ ਦੌਰਾਨ ਫੇਜ਼ 5 ਦੀ ਕੌਂਸਲਰ ਬਲਜੀਤ ਕੌਰ, ਫੇਜ਼ 4 ਦੀ ਕੌਂਸਲਰ ਰੁਪਿੰਦਰ ਕੌਰ ਰੀਨਾ, ਫੇਜ਼3ਬੀ2 ਦੇ ਕੌਂਸਲਰ ਜਸਪ੍ਰੀਤ ਸਿੰਘ ਗਿੱਲ, ਸਾਬਕਾ ਸੀਨੀਅਰ ਡਿਪਟੀ ਮੇਅਰ ਰਿਸ਼ਵ ਜੈਨ, ਕੌਂਸਲਰ ਜਗਦੀਸ਼ ਸਿੰਘ ਜੱਗਾ, ਕੌਂਸਲਰ ਨਰਪਿੰਦਰ ਰੰਗੀ, ਕੌਂਸਲਰ ਕੁਲਵੰਤ ਸਿੰਘ ਕਲੇਰ, ਗੁਰਚਰਨ ਸਿੰਘ ਭੰਵਰਾ, ਸਿਮਰਨ ਢਿੱਲੋਂ, ਜਸਵਿੰਦਰ ਸ਼ਰਮਾ, ਮੁਹਾਲੀ ਨਗਰ ਨਿਗਮ ਦੇ ਕਮਿਸ਼ਨਰ ਕਮਲ ਗਰਗ, ਐਸਈ ਸੰਜੇ ਕੰਵਰ, ਪਬਲਿਕ ਹੈਲਥ ਦੇ ਐਕਸੀਅਨ ਸੁਨੀਲ ਕੁਮਾਰ, ਨਗਰ ਨਿਗਮ ਦੇ ਐਕਸੀਅਨ ਹਰਪ੍ਰੀਤ ਸਿੰਘ ਅਤੇ ਰਾਜਬੀਰ ਸਿੰਘ ਸਮੇਤ ਦੋਹਾਂ ਫੇਜ਼ਾਂ ਦੇ ਪਤਵੰਤੇ ਹਾਜ਼ਰ ਰਹੇ। ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਮੁਹਾਲੀ ਵਿੱਚ 92 ਫੀਸਦੀ ਲੋਕਾਂ ਨੂੰ ਕੋਵਿਡ ਵੈਕਸੀਨ ਲੱਗ ਚੁੱਕੀ ਹੈ ਅਤੇ ਵੈਕਸੀਨੇਸ਼ਨ ਦੇ ਮਾਮਲੇ ਵਿੱਚ ਮੁਹਾਲੀ ਪੰਜਾਬ ਵਿੱਚ ਨੰਬਰ ਇਕ ’ਤੇ ਹੈ।