ਪੱਤਰ ਪ੍ਰੇਰਕ
ਨਵੀਂ ਦਿੱਲੀ, 4 ਜੂਨ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਰਕਾਰ ਵੱਲੋਂ ‘ਦੇਸ਼ ਭਗਤੀ ਬਜਟ’ ਤਹਿਤ ਸ਼ਹਿਰ ਲਗਾਏ ਜਾ ਰਹੇ 500 ਉੱਚੇ-ਮਾਸਟ ਤਿਰੰਗਿਆਂ ਦੀ ਦੇਖਭਾਲ ਲਈ ਵਾਲੰਟੀਅਰਾਂ ਦੀਆਂ ਕਮੇਟੀਆਂ ਦਾ ਗਠਨ ਕੀਤਾ ਹੈ। ਉਨ੍ਹਾਂ ਕਿਹਾ ਕਿ ਹਰੇਕ ਤਿਰੰਗਾ ਸਨਮਾਨ ਕਮੇਟੀ ਨੂੰ 1000 ਨੌਜਵਾਨ ਵਾਲੰਟੀਅਰਾਂ ਦੀ ਫੌਜ ਲਾਮਬੰਦ ਕਰਨੀ ਚਾਹੀਦੀ ਹੈ। ਕੇਜਰੀਵਾਲ ਨੇ ਤਿਆਗਰਾਜ ਸਟੇਡੀਅਮ ਵਿੱਚ ਸਮਾਗਮ ਮੌਕੇ ਤਿਰੰਗਾ ਸਨਮਾਨ ਸਮਿਤੀ ਦੇ ਵਾਲੰਟੀਅਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਰੇਕ ਝੰਡੇ ਦੀ ਨਿਗਰਾਨੀ ਦਿੱਲੀ ’ਚ ਸਬੰਧਤ ਪੰਜ ਮੈਂਬਰੀ ਤਿਰੰਗਾ ਸਨਮਾਨ ਕਮੇਟੀ ਗਠਿਤ ਕੀਤੀ ਜਾਵੇਗੀ। ਜੇਕਰ ਕੋਈ ਝੰਡਾ ਖਰਾਬ ਹੋ ਜਾਂਦਾ ਹੈ ਤਾਂ ਸਨਮਾਨ ਕਮੇਟੀ ਪੀਡਬਲਯੂਡੀ ਦੇ ਅਧਿਕਾਰੀਆਂ ਨੂੰ ਰਿਪੋਰਟ ਦੇਵੇਗੀ। ਉਨ੍ਹਾਂ ਕਿਹਾ ਹੁਣ ਤੱਕ ਦਿੱਲੀ ਵਿੱਚ ਵੱਖ-ਵੱਖ ਸਥਾਨਾਂ ’ਤੇ 200 ਉੱਚ-ਮਾਸਟ ਝੰਡੇ ਲਗਾਏ ਜਾ ਚੁੱਕੇ ਹਨ ਤੇ 15 ਅਗਸਤ ਤੱਕ ਸਾਰੇ 500 ਤਿਰੰਗੇ ਲਗਾਏ ਜਾਣਗੇ।