ਮੁੰਬਈ, 24 ਨਵੰਬਰ
ਮਹਾਰਾਸ਼ਟਰ ਦੇ ਐਨਸੀਪੀ ਆਗੂ ਨੇ ਬੌਲੀਵੁੱਡ ਅਭਿਨੇਤਰੀ ਕੰਗਨਾ ਰਣੌਤ ਖ਼ਿਲਾਫ਼ ਸ਼ਿਕਾਇਤ ਦੇ ਕੇ ਦੇਸ਼ਧ੍ਰੋਹ ਦਾ ਮੁਕੱਦਮਾ ਚਲਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਇਹ ਸ਼ਿਕਾਇਤ ਕੰਗਨਾ ਦੀ ਉਸ ਟਿੱਪਣੀ ਵਿਰੁੱਧ ਦਿੱਤੀ ਹੈ ਜਿਸ ’ਚ ਉਸ ਨੇ ਕਿਹਾ ਸੀ ਕਿ ਭਾਰਤ ਨੂੰ 1947 ਵਿਚ ਮਿਲੀ ਆਜ਼ਾਦੀ ‘ਭੀਖ’ ਸੀ। ਸ਼ਿਕਾਇਤ ਮੈਜਿਸਟਰੇਟ ਕੋਰਟ ਵਿਚ ਦਿੱਤੀ ਗਈ ਹੈ ਤੇ ਅਦਾਕਾਰ ਖ਼ਿਲਾਫ਼ ਦੇਸ਼ਧ੍ਰੋਹ ਦਾ ਮੁਕੱਦਮਾ ਚਲਾਉਣ ਦੀ ਮੰਗ ਕੀਤੀ ਗਈ ਹੈ। ਐੱਨਸੀਪੀ ਦੇ ਘੱਟਗਿਣਤੀ ਵਿੰਗ ਦੇ ਕੌਮੀ ਜਨਰਲ ਸਕੱਤਰ ਯੂਸਫ਼ ਪਰਮਾਰ ਨੇ ਅਦਾਕਾਰਾ ਖ਼ਿਲਾਫ਼ ਧਾਰਾ 124ਏ ਤਹਿਤ ਸ਼ਿਕਾਇਤ ਦਿੱਤੀ ਹੈ। ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਦਿੱਲੀ ਵਿਚ ਪਦਮ ਸ੍ਰੀ ਪੁਰਸਕਾਰ ਹਾਸਲ ਕਰਨ ਤੋਂ ਬਾਅਦ ਅਭਿਨੇਤਰੀ ਬੇਬੁਨਿਆਦ ਬਿਆਨਬਾਜ਼ੀ ਕਰ ਰਹੀ ਹੈ। ਉਸ ਵੱਲੋਂ ਟੀਵੀ ਤੇ ਸੋਸ਼ਲ ਮੀਡੀਆ ਉਤੇ ਕੀਤੀ ਜਾ ਰਹੀ ਬਿਆਨਬਾਜ਼ੀ ਕਾਰਨ ਸਮਾਜ ਵਿਚ ਸਦਭਾਵਨਾ ਲਈ ਖ਼ਤਰਾ ਬਣ ਰਿਹਾ ਹੈ। -ਪੀਟੀਆਈ