ਮਹਾਂਵੀਰ ਮਿੱਤਲ
ਜੀਂਦ/ਨਰਵਾਣਾ, 30 ਮਈ
ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਬੱਦੋਵਾਲ ਟੌਲ ਪਲਾਜ਼ਾ ਦੇ ਕੋਲ ਕਿਸਾਨਾਂ ਦਾ ਧਰਨਾ 157ਵੇਂ ਦਿਨ ਵਿੱਚ ਦਾਖ਼ਲ ਹੋ ਚੁੱਕਿਆ ਹੈ। ਧਰਨੇ ਵਿੱਚ ਕਲੋਦਾ ਕਲਾਂ, ਕਲੋਦਾ ਖੁਰਦ, ਨੇਹਰਾ, ਅਮਰਗੜ੍ਹ, ਕਰਮਗੜ੍ਹ, ਹਰਨਾਮਪੁਰਾ, ਢਾਕਲ, ਸੀਂਸਰ ਅਤੇ ਸਿੰਗਵਾਲ ਆਦਿ ਪਿੰਡਾਂ ਦੇ ਕਿਸਾਨਾਂ ਨੇ ਹਿੱਸਾ ਲਿਆ। ਅਖਿਲ ਭਾਰਤੀ ਪ੍ਰਦੇਸ਼ ਕਾਰਜਕਾਰਨੀ ਦੇ ਮੈਂਬਰ ਮਾਸਟਰ ਬਲਵੀਰ ਸਿੰਘ ਨੇ ਕਿਹਾ ਕਿ ਕਿਸਾਨਾਂ ਦੇ ਅੰਦੋਲਨ ਦੀ ਸਫ਼ਲਤਾ ਦਾ ਕੇਵਲ ਇੱਕੋ ਹੀ ਮੂਲ ਮੰਤਰ ਹੈ ਕਿ ਆਪਣੇ ਅੰਦੋਲਨ ਨੂੰ ਸਾਂਤੀ ਪੂਰਵਕ ਤਰੀਕੇ ਅਤੇ ਅਨੁਸਾਸ਼ਨ ਵਿੱਚ ਰਹਿ ਕੇ ਅੱਗੇ ਵਧਾਉਣਾ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਦੇ ਅੰਦੋਲਨ ਵਿੱਚ ਕਿਸਾਨਾਂ ਦੀ ਜਿੱਤ ਹੋਵੇਗੀ ਅਤੇ ਸਰਕਾਰ ਨੂੰ ਆਪਣੇ ਤਿੰਨੇ ਕਾਨੂੰਨ ਵਾਪਸ ਲੈਣੇ ਪੈਣਗੇ।
ਕਿਸਾਨ ਆਗੂ ਸੀਸ਼ਪਾਲ ਨੇ ਕਿਹਾ ਕਿ ਜੋ ਵਿਅਕਤੀ ਕੁਦਰਤ ਦੇ ਅਨੁਸਾਰ ਆਪਣੇ ਆਪ ਨੂੰ ਢਾਲ ਲੈਂਦਾ ਹੈ, ਉਹੀ ਵਿਅਕਤੀ ਜੀਵਿਤ ਰਹਿੰਦਾ ਹੈ। ਸਾਨੂੰ ਵੀ ਅੰਦੋਲਨ ਦੀ ਅਸਲ ਸਥਿਤੀ ਦਾ ਅਧਿਐਨ ਕਰਕੇ ਆਪਣੀ ਰਣਨੀਤੀ ਤਿਆਰ ਕਰਨ ਦੀ ਲੋੜ ਹੈ।
ਬਕਾਇਆ ਨਾ ਮਿਲਣ ’ਤੇ ਸੰਘਰਸ਼ ਦੀ ਚਿਤਾਵਨੀ
ਜੀਂਦ/ ਉਚਾਨਾ(ਪੱਤਰ ਪ੍ਰੇਰਕ): ਖੇਤੀ ਕਾਨੂੰਨ ਰੱਦ ਕਰਵਾਉਣ ਲਈ ਖਟਕੜ ਟੌਲ ਪਲਾਜ਼ਾ ’ਤੇ ਕਿਸਾਨਾਂ ਦਾ ਧਰਨਾ ਲਗਾਤਾਰ ਜਾਰੀ ਹੈ। ਸੰਕੇਤਿਕ ਭੁੱਖ ਹੜਤਾਲ ਉੱਤੇ ਕਾਬਰਛਾ ਦੇ ਸੁਨੀਲ, ਦਿਨੇਸ਼, ਛਾਤਰ ਦੇ ਦਿਲਬਾਗ, ਜੈਵੀਰ ਅਤੇ ਭਗਤ ਸੈਨ ਬੈਠੇ। ਧਰਨੇ ਦੀ ਅਗਵਾਈ ਹੁਸ਼ਿਆਰ ਸਿੰਘ ਘਸੋ ਨੇ ਕੀਤੀ। ਕਿਸਾਨਾਂ ਨੇ ਫੈਸਲਾ ਲਿਆ ਕਿ ਜੇਕਰ 3 ਜੂਨ ਤੱਕ ਕਿਸਾਨਾਂ ਦੀ ਬਕਾਇਆ ਰਾਸ਼ੀ ਕਿਸਾਨਾਂ ਦੇ ਖਾਤੇ ਵਿੱਚ ਨਹੀਂ ਆਈ ਤਾਂ ਮੰਡੀ ਦੇ ਸਾਰੇ ਗੇਟਾਂ ਉੱਤੇ ਤਾਲਾ ਲਗਾ ਕੇ ਵਿਰੋਧ ਕੀਤਾ ਜਾਵੇਗਾ। ਧਰਨੇ ਨੂੰ ਸੰਬੋਧਨ ਕਰਦੇ ਹੋਏ ਵਿਜਿੰਦਰ ਸਿੰਧੂ, ਬਲਰਾਜ ਨਗੂਰਾਂ ਅਤੇ ਕੈਪਟਨ ਰਣਧੀਰ ਚਹਿਲ ਨੇ ਕਿਹਾ ਕਿ ਜੇਕਰ 3 ਜੂਨ ਤੱਕ ਬਕਾਇਆ ਪੈਮੇਂਟ ਕਿਸਾਨਾਂ ਦੇ ਖਾਤੇ ਵਿੱਚ ਨਹੀਂ ਆਈ ਤਾਂ ਕਿਸਾਨ 3 ਜੂਨ ਤੋਂ ਬਾਅਦ ਮੰਡੀ ਗੇਟਾਂ ਨੂੰ ਤਾਲੇ ਲਾ ਦੇਣਗੇ।