ਹਤਿੰਦਰ ਮਹਿਤਾ
ਆਦਮਪੁਰ ਦੋਆਬਾ, 28 ਅਕਤੂਬਰ
ਇਥੋਂ ਦੀ 50 ਸਾਲਾ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਬਜੁਰਗ ਮਹਿਲਾ ਜੋ ਪਿਛਲੇ 7 ਮਹੀਨਿਆਂ ਤੋਂ ਲਾਪਤਾ ਸੀ, ਨੂੰ ਗੁਜਰਾਤ ਦੇ ਜ਼ਿਲ੍ਹਾ ਅਰਾਵਲੀ ਤੋਂ ਲੱਭਿਆ ਗਿਆ। ਗੁਜਰਾਜ ਤੋਂ ਟੀਮ ਦੇ ਵਾਪਸ ਆਉਣ ਉਪਰੰਤ ਅੱਜ ਮਹਿਲਾ ਨੂੰ ਪਰਿਵਾਰ ਨਾਲ ਮਿਲਾਇਆ ਗਿਆ। ਸੀ.ਡੀ.ਪੀ.ਓ. ਆਦਮਪੁਰ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਮਹਿਲਾ ਦੇ ਪਰਿਵਾਰ ਵਲੋਂ 11 ਅਕਤੂਬਰ ਨੂੰ ਆਦਮਪੁਰ ਵਿਖੇ ਉਨ੍ਹਾਂ ਪਾਸ ਮਹਿਲਾ ਦੇ ਲਾਪਤਾ ਹੋਣ ਸਬੰਧੀ ਸ਼ਿਕਾਇਤ ਦਰਜ ਕਰਵਾਈ ਗਈ ਜਿਸ ਸਬੰਧੀ ਉਨ੍ਹਾਂ ਨੇ ਜਲੰਧਰ ਸਖੀ-ਵਨ ਸਟਾਪ ਸੈਂਟਰ ਨੂੰ ਤੁਰੰਤ ਕੇਸ ਬਾਰੇ ਜਾਣਕਾਰੀ ਮੁਹੱਈਆ ਕਰਵਾਈ। ਉਨ੍ਹਾਂ ਦੱਸਿਆ ਕਿ ਜਲੰਧਰ ਸਖੀ-ਵਨ ਸਟਾਪ ਸੈਂਟਰ ਵਲੋਂ ਇਸ ਸਬੰਧੀ ਸੂਚਨਾ ਦੇਸ਼ ਦੇ ਸਾਰੇ ਸੈਂਟਰਾਂ ਨਾਲ ਸਾਂਝੀ ਕੀਤੀ ਗਈ ਤੇ ਮਹਿਲਾ ਦੀ ਫੋਟੋ ਅਤੇ ਹੋਰ ਜਾਣਕਾਰੀ ਦੇਸ਼ ਦੇ ਸਾਰੇ ਸਖੀ ਵਨ ਸਟਾਪ ਸੈਂਟਰਾਂ ਤੱਕ ਪਹੁੰਚਾਈ ਗਈ। ਇਸ ’ਤੇ ਸਖੀ-ਵਨ ਸਟਾਪ ਸੈਂਟਰ ਅਰਾਵਲੀ ਜ਼ਿਲ੍ਹਾ ਗੁਜਰਾਤ ਵਲੋਂ ਦੱਸਿਆ ਗਿਆ ਕਿ ਉਨ੍ਹਾਂ ਵਲੋਂ ਮਹਿਲਾ ਦੀ ਸਾਂਝੀ ਕੀਤੀ ਗਈ ਤਸਵੀਰ ਇਥੇ ਮਿਲੀ ਮਹਿਲਾ ਨਾਲ ਮੇਲ ਖਾ ਗਈ ਹੈ। ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗੁਰਮਿੰਦਰ ਰੰਧਾਵਾ ਦੀ ਅਗਵਾਈ ਵਾਲੀ ਟੀਮ ਅਤੇ ਸੈਂਟਰ ਇੰਚਾਰਜ ਸੰਦੀਪ ਕੌਰ ਵਲੋਂ ਪਰਿਵਾਰ ਨੂੰ ਬੁਲਾ ਕੇ ਸਖੀ ਵਨ ਸਟਾਪ ਅਰਾਵਲੀ ਦੇ ਅਧਿਕਾਰੀਆਂ ਨਾਲ ਵੀਡੀਓ ਕਾਲ ਦਾ ਪ੍ਰਬੰਧ ਕੀਤਾ ਗਿਆ ਅਤੇ ਮਹਿਲਾ ਦੀ ਬੇਟੀ ਨੇ ਅਪਣੀ ਮਾਂ ਦੀ ਪਹਿਚਾਣ ਕੀਤੀ ਗਈ। ਇਸ ਸਬੰਧੀ ਸਾਰੀ ਕਾਗਜ਼ੀ ਕਾਰਵਾਈ ਪੂਰੀ ਕਰਨ ਉਪਰੰਤ ਮਹਿਲਾ ਨੂੰ ਪਰਿਵਾਰ ਨੂੰ ਸੌਂਪ ਦਿੱਤਾ ਗਿਆ।