ਜੇ.ਬੀ. ਸੇਖੋਂ
ਗੜ੍ਹਸ਼ੰਕਰ, 4 ਅਗਸਤ
ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਤੇ ਸਥਾਨਕ ਹਲਕੇ ਤੋਂ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੋੜੀ ਨੇ ਅੱਜ ਹਲਕੇ ਦੇ ਵੱਖ ਵੱਖ ਪਿੰਡਾਂ ਵਿੱਚ ਜਨਤਕ ਮੀਟਿੰਗਾਂ ਕਰ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਇਨ੍ਹਾਂ ਦਾ ਨਬਿੇੜਾ ਕਰਨ ਲਈ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ। ਇਸ ਮੌਕੇ ਉਨ੍ਹਾਂ ਪਿੰਡ ਗੱਜਰ, ਲਸਾੜਾ, ਭਾਤਪੁਰ ਰਾਜਪੂਤਾਂ, ਬਰਿਆਣਾ, ਹਿਆਤਪੁਰ, ਕੁੱਕੜਾਂ ਆਦਿ ਪਿੰਡਾਂ ਵਿੱਚ ਪੰਚਾਇਤਾਂ ਦੇ ਅਹੁਦੇਦਾਰਾਂ ਤੇ ਲੋਕਾਂ ਨਾਲ ਮੀਟਿੰਗਾਂ ਕੀਤੀਆਂ। ਇਸ ਮੌਕੇ ਲੋਕਾਂ ਨੇ ਪੀਣ ਵਾਲੇ ਪਾਣੀ ਦੀ ਸਮੱਸਿਆ, ਗਲੀਆਂ-ਨਾਲੀਆਂ, ਲਿੰਕ ਰੋਡਾਂ ਅਤੇ ਹੋਰ ਮੁੱਦਿਆਂ ਦੇ ਹੱਲ ਸਬੰਧੀ ਆਪਣੀਆਂ ਮੰਗਾਂ ਰੱਖੀਆਂ। ਇਕੱਠਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਰੋੜੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਗੜ੍ਹਸ਼ੰਕਰ ਹਲਕੇ ਦੇ ਵਸਨੀਕਾਂ ਨੂੰ ਪੀਣ ਵਾਲਾ ਸ਼ੁੱਧ ਪਾਣੀ ਦੇਣ ਦੇ ਉਦੇਸ਼ ਤਹਿਤ ਸਤਲੁਜ ਦਰਿਆ ਦੇ ਪਾਣੀ ਨੂੰ ਸੋਧਿਆ ਜਾਵੇਗਾ ਅਤੇ ਇਹ ਪਾਣੀ ਲੋਕਾਂ ਨੂੰ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਸੈਲਫ ਹੈਲਪ ਗਰੁੱਪ ਬਣਾ ਕੇ ਔਰਤਾਂ ਨੂੰ ਰੁਜ਼ਗਾਰ ਦਿੱਤਾ ਜਾਵੇਗਾ। ਇਸ ਮੌਕੇ ਡੀਐੱਸਪੀ ਦਲਜੀਤ ਸਿੰਘ, ਬੀਡੀਪੀਓ ਮਨਜਿੰਦਰ ਕੌਰ, ਤਹਿਸੀਲਦਾਰ ਤਪਨ ਭਨੋਟ, ਬਾਬਾ ਸਤਨਾਮ ਦਾਸ ਮਹਿਦੂਦ, ਸਰਪੰਚ ਜੁਝਾਰ ਸਿੰਘ, ਕਮਲਜੀਤ ਕੌਰ ਕੁੱਕੜਾਂ, ਸਰਪੰਚ ਬਲਵਿੰਦਰ ਦੇਵੀ, ਸਰਪੰਚ ਪਰਮਜੀਤ ਕੌਰ, ਸਰਪੰਚ ਲਖਵੀਰ ਕੁਮਾਰ, ਸਰਪੰਚ ਵਿਨੋਦ ਕੁਮਾਰ, ਗਗਨਵੀਰ ਸਿੰਘ ਕੁੱਕੜਾਂ, ਰਾਕੇਸ਼ ਮਹਿਦੂਦ ਤੇ ਬਲਜਿੰਦਰ ਸਿੰਘ ਆਦਿ ਹਾਜ਼ਰ ਸਨ।