ਬੱਚਿਆਂ ਨਾਲ ਵਧੀਕੀ ਨਾ ਕਰੀਏ
17 ਜਨਵਰੀ ਦੇ ਅੰਕ ਵਿਚ ਵਿਸ਼ਵ ਬੈਂਕ ਵੱਲੋਂ ਕਰੋਨਾ ਮਹਾਮਾਰੀ ਕਾਰਨ ਸਕੂਲ ਬੰਦ ਕਰਨ ਨੂੰ ਗ਼ਲਤ ਦੱਸਣਾ ਚੰਗਾ ਲੱਗਿਆ। ਲੰਮਾ ਸਮਾਂ ਸਿੱਖਿਆ ਸੰਸਥਾਵਾਂ ਬੰਦ ਕਰਕੇ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਗਿਆ ਹੈ। ਘਰਾਂ ’ਚ ਰਹਿਣ ਕਰਕੇ ਬੱਚਿਆਂ, ਨੌਜਵਾਨਾਂ ਦੀ ਪੜ੍ਹਾਈ ਤੋਂ ਇਲਾਵਾ ਇਨ੍ਹਾਂ ਦੀ ਸਰੀਰਕ ਅਤੇ ਮਾਨਸਿਕ ਸਿਹਤ ’ਤੇ ਵੀ ਬੁਰਾ ਅਸਰ ਪਿਆ ਹੈ। ਸਾਡੇ ਦੇਸ਼ ਦੇ ਬਹੁਗਿਣਤੀ ਸਿਆਸੀ ਲੀਡਰ, ਲੋਕਾਂ ਨੂੰ ਅਨਪੜ੍ਹ ਹੀ ਰੱਖਣ ਵਾਲੀ ਸੋਚ ਦੇ ਮਾਲਕ ਹਨ। ਸਿੱਖਿਆ ਸੰਸਥਾਵਾਂ ਨੇ ਫ਼ੀਸਾਂ ’ਚ ਕੋਈ ਕਮੀ ਨਹੀਂ ਕੀਤੀ। ਸਿੱਖਿਆ ਬੋਰਡਾਂ ਨੇ ਇਮਤਿਹਾਨ ਦੀਆਂ ਫ਼ੀਸਾਂ ਵੀ ਵਿਦਿਆਰਥੀਆਂ ਪਾਸੋਂ ਲੈ ਲਈਆਂ ਅਤੇ ਰਸਮੀ ਜਿਹੇ ਆਨਲਾਈਨ ਪੇਪਰ ਲੈ ਕੇ ਸਾਰਿਆਂ ਨੂੰ ਪਾਸ ਕਰ ਦਿੱਤਾ। ਕਰੋਨਾ ਮਹਾਮਾਰੀ ਦੀ ਆੜ ’ਚ ਸਭ ਤੋਂ ਵੱਡਾ ਨੁਕਸਾਨ ਸਿੱਖਿਆ ਨੂੰ ਪਹੁੰਚਾਇਆ ਗਿਆ ਹੈ। ਵਿਦਿਆਰਥੀਆਂ ਦੇ ਜੀਵਨ ’ਚ ਜਿਹੜਾ ਕੀਮਤੀ ਸਮਾਂ ਇਕ ਵਾਰ ਲੰਘ ਜਾਂਦਾ ਹੈ, ਉਹ ਦੁਬਾਰਾ ਵਾਪਸ ਨਹੀਂ ਆ ਸਕਦਾ।
ਸੋਹਣ ਲਾਲ ਗੁਪਤਾ, ਪਟਿਆਲਾ
ਚੋਣਾਂ ਬਾਰੇ ਫ਼ੈਸਲੇ ’ਤੇ ਸਵਾਲ
20 ਜਨਵਰੀ ਦੇ ਅੰਕ ’ਚ ਚਮਨ ਲਾਲ ਦੇ ਲੇਖ ‘ਚੋਣਾਂ ਅਤੇ ਕਿਸਾਨ ਲਹਿਰ ਦੀਆਂ ਚੁਣੌਤੀਆਂ’ ਵਿਚ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲੜਨ ਵਾਲੀਆਂ 22 ਕਿਸਾਨ ਜਥੇਬੰਦੀਆਂ ਦੇ ਫ਼ੈਸਲੇ ਉੱਤੇ ਬਿਲਕੁਲ ਸਹੀ ਸਵਾਲ ਉਠਾਏ ਗਏ ਹਨ। ਇਤਿਹਾਸਕ ਕਿਸਾਨ ਅੰਦੋਲਨ ਦੇ ਸਿਰੜੀ ਸੰਘਰਸ਼ ਅਤੇ ਖੇਤੀ ਕਾਨੂੰਨਾਂ ਦੀ ਵਾਪਸੀ ਕਾਰਨ ਤਮਾਮ ਖੱਬੇ-ਸੱਜੇ ਪੱਖੀ ਕਿਸਾਨ ਜਥੇਬੰਦੀਆਂ ਦਾ ਜੋ ਸਨਮਾਨ ਅਤੇ ਦਬਦਬਾ ਕੇਂਦਰ ਤੇ ਸੂਬਾਈ ਹਕੂਮਤਾਂ ਅਤੇ ਸਮਾਜ ਦੇ ਹਰ ਵਰਗ ਵਿਚ ਬਣਿਆ ਹੋਇਆ ਸੀ, ਉਹ ਕੁਝ ਕਿਸਾਨ ਆਗੂਆਂ ਦੀ ਚੋਣਾਂ ਜਿੱਤਣ ਦੀ ਗ਼ਲਤਫ਼ਹਿਮੀ ਅਤ ਵੱਧ ਕਾਹਲ ਕਾਰਨ ਫਿੱਕਾ ਪੈ ਗਿਆ ਹੈ; ਨਾਲ ਹੀ ਭਵਿੱਖ ਵਿਚ ਕਿਸਾਨੀ ਏਕਤਾ ਕਮਜ਼ੋਰ ਹੋਣ ਦਾ ਖ਼ਦਸ਼ਾ ਵੀ ਹੈ। ਸਿਰਫ਼ ਖੇਤੀ ਕਾਨੂੰਨਾਂ ਦੀ ਵਾਪਸੀ (ਜੋ ਕੇਂਦਰ ਸਰਕਾਰ ਦੀ ਸਿਆਸੀ ਮਜਬੂਰੀ ਸੀ) ਅਤੇ ਬਾਕੀ ਅਹਿਮ ਮੰਗਾਂ ਹਾਸਿਲ ਕੀਤੇ ਬਗ਼ੈਰ ਸਿਰਫ਼ ਕੁਝ ਕਿਸਾਨੀ ਵੋਟਾਂ ਦੇ ਬਲਬੂਤੇ ਚੋਣਾਂ ਲੜਨ ਦਾ ਜਜ਼ਬਾਤੀ ਫ਼ੈਸਲਾ ਕਿਸੇ ਵੀ ਤਰ੍ਹਾਂ ਤਰਕਸੰਗਤ ਨਹੀਂ। ਜੇਕਰ ਪੰਜਾਬ ਅਤੇ ਰਾਜਸਥਾਨ ਸਰਕਾਰਾਂ ਵੱਲੋਂ ਵਿਧਾਨ ਸਭਾ ਵਿਚ ਖੇਤੀ ਕਾਨੂੰਨ ਰੱਦ ਕਰਨ ਦੇ ਮਤੇ ਪਾਸ ਕਰਨ ਅਤੇ ਸਮੂਹ ਵਿਰੋਧੀ ਪਾਰਟੀਆਂ ਵੱਲੋਂ ਸੰਸਦ ਵਿਚ ਖੇਤੀ ਕਾਨੂੰਨਾਂ ਦਾ ਜ਼ਬਰਦਸਤ ਵਿਰੋਧ ਕਰਨ ਦੇ ਬਾਵਜੂਦ ਕੇਂਦਰ ਸਰਕਾਰ ਨੇ ਇਕ ਸਾਲ ਤਕ ਕਾਨੂੰਨ ਵਾਪਸ ਨਹੀਂ ਲਏ ਤਾਂ ਕਿਸਾਨ ਆਗੂਆਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਵੋਟਾਂ ਰਾਹੀਂ ਮਿਲੀ ਸੱਤਾ ਦੀ ਤਾਕਤ ਨਾਲੋਂ ਕਿਸਾਨ ਅੰਦੋਲਨ ਦੀ ਜਥੇਬੰਦਕ ਤਾਕਤ ਕਿਤੇ ਜ਼ਿਆਦਾ ਮਜ਼ਬੂਤ, ਲੋਕ ਪੱਖੀ ਅਤੇ ਜਮਹੂਰੀ ਸਾਬਿਤ ਹੋਈ ਹੈ।
ਸੁਮੀਤ ਸਿੰਘ, ਅੰਮ੍ਰਿਤਸਰ
ਕੁੜੀਆਂ ਦੀ ਪੜ੍ਹਾਈ
19 ਜਨਵਰੀ ਨੂੰ ਸੁਪਿੰਦਰ ਸਿੰਘ ਰਾਣਾ ਦਾ ਮਿਡਲ ‘ਘਾਲਣਾ’ ਪੜ੍ਹਿਆ। ਸਿੱਖਿਆ ਦੇ ਖੇਤਰ ਵਿਚ ਉਚੇਰੀ ਸਿੱਖਿਆ ਲਈ ਸਕੂਲਾਂ ਦੀ ਘਾਟ ਸਿੱਖਿਆ ਦੇ ਪੱਧਰ ’ਤੇ ਸਵਾਲੀਆ ਨਿਸ਼ਾਨ ਛੱਡਦੀ ਹੈ। ਦੂਜੇ ਪਾਸੇ ਸੋਟੀ ਵਾਲੀ ਬਜ਼ੁਰਗ ਮਾਤਾ ਦੇ ਸ਼ੁਕਰਗੁਜ਼ਾਰ ਹਾਂ ਜਿਸ ਨੇ ਆਪਣੇ ਪਿੰਡ ਦੀਆਂ ਕੁੜੀਆਂ ਨੂੰ ਉਚੇਰੀ ਸਿੱਖਿਆ ਲਈ ਨੇੜੇ ਦੇ ਸਕੂਲ ਛੱਡਣ ਲਿਆਉਣ ਦੀ ਜ਼ਿੰਮੇਵਾਰੀ ਦਿਲੋ-ਜਾਨ ਨਾਲ ਨਿਭਾਈ।
ਅਨਿਲ ਕੌਸ਼ਿਕ, ਕਿਓੜਕ (ਕੈਥਲ, ਹਰਿਆਣਾ)
ਸਿਆਸਤ ਦਾ ਮਿਆਰ
19 ਜਨਵਰੀ ਨੂੰ ਹਮੀਰ ਸਿੰਘ ਦਾ ਲੇਖ ‘ਸਿਆਸਤ ਦੇ ਡਿੱਗ ਰਹੇ ਮਿਆਰ’ ਪੜ੍ਹਿਆ। ਦੁਨੀਆ ਦੇ ਜਿੰਨੇ ਰੰਗ ਹਨ, ਉਸ ਤੋਂ ਵੀ ਕਿਤੇ ਵੱਧ ਲੋਕਾਂ ਅਤੇ ਸਿਆਸਤਦਾਨਾਂ ਦੇ ਹਨ। ਵੱਖ ਵੱਖ ਪਾਰਟੀਆਂ ਵਿਚ ਟਿਕਟਾਂ ਨੂੰ ਲੈ ਕੇ ਦਲ ਬਦਲਣ ਦੀ ਜੋ ਕਵਾਇਦ ਚੱਲ ਰਹੀ ਹੈ, ਉਹ ਨਿੰਦਣਯੋਗ ਹੈ। ਕਿਸਾਨੀ ਸੰਘਰਸ਼ ਵਿਚ ਜਾਨਾਂ ਗੁਆਉਣ ਵਾਲੇ ਕਿਸਾਨਾਂ ਦਾ ਯੋਗਦਾਨ ਦਰਕਿਨਾਰ ਕਰਨਾ ਸੌੜੀ ਸਿਆਸਤ ਅਤੇ ਮਾਨਸਿਕਤਾ ਦੀ ਨਿਸ਼ਾਨੀ ਹੈ। ਲੇਖਕ ਨੇ 73ਵੀਂ ਅਤੇ 74ਵੀਂ ਸੋਧ ਲਾਗੂ ਕਰਨ ਅਤੇ ਮਗਨਰੇਗਾ ਤਹਿਤ 100 ਦਿਨ ਰੁਜ਼ਗਾਰ ਗਰੰਟੀ ਯੋਜਨਾ ਨੂੰ ਲਾਗੂ ਕਰਨ ਲਈ ਜ਼ੋਰ ਦਿੱਤਾ ਹੈ। ਇਸ ਤੋਂ ਪਹਿਲਾਂ 17 ਜਨਵਰੀ ਨੂੰ ਕ੍ਰਿਸ਼ਨ ਕੁਮਾਰ ਰੱਤੂ ਦਾ ਮਿਡਲ ‘ਪੱਤਰਕਾਰੀ ਦਾ ਕਮਾਲ ਸਿਤਾਰਾ ਕਮਾਲ ਖਾਨ’ ਪੜ੍ਹ ਕੇ ਧੱਕਾ ਲੱਗਾ। ਅਜੋਕੇ ਦੌਰ ਵਿਚ ਸਮਾਜ ਦੇ ਪੱਖ ਵਿਚ ਪੱਤਰਕਾਰੀ ਕਰਨ ਵਾਲੇ ਬਹੁਤ ਘੱਟ ਹਨ। ਅਜਿਹੇ ਦੌਰ ਵਿਚ ਟੀਵੀ ਪੱਤਰਕਾਰ ਕਮਾਲ ਖ਼ਾਨ ਵਰਗੀ ਸ਼ਖ਼ਸੀਅਤ ਦਾ ਅਚਾਨਕ ਰੁਖ਼ਸਤ ਹੋ ਜਾਣਾ ਕਦੀ ਵੀ ਨਾ ਪੂਰਾ ਹੋਣ ਵਾਲਾ ਘਾਟਾ ਹੈ। ਜਾਤੀ ਨਾਲੋਂ ਜਮਾਤੀ ਗੱਲ ਕਰਨਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ।
ਮਨਮੋਹਨ ਸਿੰਘ, ਨਾਭਾ
ਸੱਚ ਲਿਖਣ ਦਾ ਖਮਿਆਜ਼ਾ
19 ਜਨਵਰੀ ਨੂੰ ਚਰਨਜੀਤ ਸਿੰਘ ਗੁਮਟਾਲਾ ਦਾ ਲੇਖ ‘ਜੋਖ਼ਿਮ ਭਰਿਆ ਪੇਸ਼ਾ ਬਣ ਗਿਆ ਹੈ ਪੱਤਰਕਾਰੀ’ ਪੜ੍ਹ ਕੇ ਪਤਾ ਲੱਗਿਆ ਕਿ ਪੱਤਰਕਾਰੀ ਸੌਖਾ ਨਹੀਂ, ਕਈ ਲੋਕ ਇਹ ਸੋਚ ਕੇ ਪੱਤਰਕਾਰੀ ਖੇਤਰ ਵਿਚ ਆਉਂਦੇ ਹਨ ਕਿ ਪੱਤਰਕਾਰ ਦੀ ਟੌਹਰ ਹੁੰਦੀ ਹੈ ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਕਈ ਵਾਰ ਸੱਚ ਲਿਖਣ ਦਾ ਖਮਿਆਜ਼ਾ ਵੀ ਭੁਗਤਣਾ ਪੱਤਰਕਾਰ ਨੂੰ ਹੀ ਪੈਂਦਾ ਹੈ। ਮੁਲਕ ਵਿਚ ਜਦੋਂ ਤੋਂ ਮੋਦੀ ਸਰਕਾਰ ਬਣੀ ਹੈ, ਸੱਚ ਲਿਖਣ ਅਤੇ ਬੋਲਣ ਵਾਲਿਆਂ ਨੂੰ ਦਬਾਉਣ ਦੀ ਕੋਸ਼ਿਸ਼ ਚੱਲ ਰਹੀ ਹੈ। ਮੁਲਕ ਦੇ ਕਈ ਨਾਮਵਰ ਬੁੱਧੀਜੀਵੀਆਂ, ਲੇਖਕਾਂ, ਕਵੀਆਂ ਅਤੇ ਪੱਤਰਕਾਰਾਂ ਨੂੰ ਦੇਸ਼ ਧ੍ਰੋਹ ਦੀਆਂ ਧਾਰਾਵਾਂ ਲਾ ਕੇ ਜੇਲ੍ਹਾਂ ਵਿਚ ਬੰਦ ਕਰ ਦਿੱਤਾ ਗਿਆ ਹੈ। ਪੱਤਰਕਾਰ ਭਾਈਚਾਰੇ ਨੂੰ ਇਕਜੁੱਟ ਹੋ ਕੇ ਸਰਕਾਰ ਦੀਆਂ ਅਜਿਹੀਆਂ ਗ਼ਲਤ ਨੀਤੀਆਂ ਦਾ ਵਿਰੋਧ ਕਰਨਾ ਚਾਹੀਦਾ ਹੈ।
ਮੇਘ ਰਾਜ ਜੋਸ਼ੀ, ਪਿੰਡ ਗੁੰਮਟੀ (ਬਰਨਾਲਾ)
ਪੰਜਾਬ ਦੀ ਆਰਥਿਕਤਾ
15 ਜਨਵਰੀ 2022 ਨੂੰ ਨਜ਼ਰੀਆ ਪੰਨੇ ’ਤੇ ਡਾ. ਕੇਸਰ ਸਿੰਘ ਭੰਗੂ ਦਾ ਲੇਖ ‘ਵਿਧਾਨ ਸਭਾ ਚੋਣਾਂ ਅਤੇ ਪੰਜਾਬ ਦਾ ਅਰਥਚਾਰਾ’ ਪੜ੍ਹਿਆ ਜਿਸ ਵਿਚ ਉਨ੍ਹਾਂ ਟੈਕਸ ਵਧਾਉਣ ਦੀ ਗੱਲ ਕੀਤੀ ਹੈ। ਮੇਰੇ ਵਿਚਾਰ ਅਨੁਸਾਰ ਟੈਕਸ ਵਧਾਉਣ ਦੀ ਥਾਂ ਮਾਫ਼ੀਆ ਨੂੰ ਨਕੇਲ ਪਾ ਕੇ, ਸਰਕਾਰੀ ਖ਼ਰਚ ਘੱਟ ਕਰਕੇ, ਸਰਕਾਰੀ ਘਪਲੇ ਖ਼ਤਮ ਕਰਕੇ, ਪ੍ਰਾਈਵੇਟ ਨਿਵੇਸ਼ ਵਧਾ ਕੇ, ਅਫ਼ਸਰਸ਼ਾਹੀ ਘਟਾ ਕੇ, ਖੇਤੀ ਆਧਾਰਿਤ ਉਦਯੋਗ ਲਗਾ ਕੇ, ਛੋਟੇ ਅਤੇ ਘਰੇਲੂ ਉਦਯੋਗ ਨੂੰ ਵਧਾ ਕੇ ਪੰਜਾਬ ਦੀ ਆਰਥਿਕਤਾ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ।
ਹਰਨੇਕ ਸਿੰਘ, ਮੰਡੀ ਗੋਬਿੰਦਗੜ੍ਹ
ਧਰਮ ਨਿਰਪੱਖ ਤਾਣਾ ਬਾਣਾ
14 ਜਨਵਰੀ ਨੂੰ ਨਜ਼ਰੀਆ ਪੰਨੇ ਉੱਤੇ ਮਨੋਜ ਜੋਸ਼ੀ ਦਾ ਲੇਖ ‘ਧਰਮ ਨਿਰਪੱਖ ਤਾਣਾ ਬਾਣਾ ਅਤੇ ਮੌਜੂਦਾ ਸਿਆਸਤ’ ਤਰਕ ਸੰਗਤ ਅਤੇ ਮਨੁੱਖਤਾ ਦੀ ਅਗਵਾਈ ਕਰਨ ਵਾਲਾ ਲੇਖ ਹੈ। ਅਜਿਹੇ ਲੇਖ ਧਰਮ ਨਿਰਪੱਖ ਲੋਕਾਂ ਦੇ ਉਤਸ਼ਾਹ ਵਿਚ ਹੋਰ ਵਾਧਾ ਕਰਨਗੇ ਅਤੇ ਜਿੰਨੇ ਧਰਮ ਨਿਰਪੱਖ ਲੋਕ ਇਕੱਠੇ ਹੋ ਕੇ ਚੱਲਣਗੇ, ਓਨਾ ਹੀ ਫ਼ਿਰਕੂ ਅਤੇ ਸ਼ੇਖੀਖ਼ੋਰ ਬੰਦਿਆਂ ਨੂੰ ਜਵਾਬ ਹੋਏਗਾ।
ਜਸਵਿੰਦਰ ਸਿੰਘ ਢਿੱਲੋਂ, ਤਰਨ ਤਾਰਨ
ਸ਼ਬਦਾਂ ਦਾ ਕਦਰਦਾਨ
21 ਦਸੰਬਰ ਨੂੰ ਨਜ਼ਰੀਆ ਪੰਨੇ ਉੱਤੇ ਗੁਰਸੇਵਕ ਪ੍ਰੀਤ ਦਾ ਲੇਖ ‘ਸ਼ਬਦਾਂ ਦਾ ਕਦਰਦਾਨ’ ਪੜ੍ਹਿਆ ਜੋ ਪ੍ਰੋਫੈਸਰ ਗੁਰਨਾਮ ਸਿੰਘ ਮੁਕਤਸਰ ਦੀ ਜੀਵਨ ਘਾਲਣਾ ਅਤੇ ਸਰਗਰਮੀ ਬਾਰੇ ਸੀ। ਉਨ੍ਹਾਂ ਦੀ ਲਿਖੀ ਕਿਤਾਬ ‘ਭਾਰਤੀ ਲੋਕ ਨੀਚ ਕਿਵੇਂ ਬਣੇ?’ ਵਾਕਈ ਪੜ੍ਹਨ ਅਤੇ ਵਿਚਾਰਨ ਵਾਲੀ ਹੈ। ਇਸ ਅੰਦਰ ਪੂਰੇ ਵਿਸਥਾਰ ਹਨ।
ਸੁਖਦਰਸ਼ਨ ਸਿੰਘ, ਕੋਟਕਪੂਰਾ