ਸੁਭਾਸ਼ ਚੰਦਰ
ਸਮਾਣਾ, 16 ਫਰਵਰੀ
ਪਿਛਲੇ ਕਈ ਦਿਨਾਂ ਤੋਂ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦੇ ਚਿਹਰੇ ਤੇ ਹਲਕਾ ਧੂਰੀ ਤੋਂ ਉਮੀਦਵਾਰ ਭਗਵੰਤ ਮਾਨ ਵੱਲੋਂ ਸੰਗਰੂਰ ਜ਼ਿਲ੍ਹੇ ਦੇ ਪਿੰਡ ਬਘਰੌਲ ਵਿਖੇ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਾਏ ਜਾਣ ਵਾਲੇ ਪੁਲ ਨੂੰ ਮਾਤਰ 6 ਲੱਖ ਰੁਪਏ ਦੀ ਲਾਗਤ ਨਾਲ ਉਸਾਰਨ ਸਬੰਧੀ ਦਿੱਤੇ ਬਿਆਨ ਦਾ ਮਾਮਲਾ ਗਰਮਾ ਗਿਆ ਹੈ। ਪਿੰਡ ਦੇ ਸਰਪੰਚ ਨੇ ਪੁਲ ਤਾਂ ਛੱਡੋ, ਪੁਲ ਲਈ ਫੁੱਟੀ ਕੌਡੀ ਤੱਕ ਨਾ ਆਉਣ ਦੀ ਗੱਲ ਕਹੀ ਹੈ। ਇਹ ਪੁਲ ਲੋਕਾਂ ਨੂੰ ਸਮਰਪਿਤ ਕੀਤੇ ਜਾਣ ਦੇ ਦਿੱਤੇ ਜਾ ਰਹੇ ਬਿਆਨਾਂ ਦਾ ਭੇਤ ਉਸ ਸਮੇਂ ਖੁੱਲ੍ਹਿਆ, ਜਦੋਂ ਪਿੰਡ ਬਘਰੌਲ ਵਿਚ ਲੋਕਾਂ ਨੇ ਪਿੰਡ ਦੇ ਸਰਪੰਚ ਤੋਂ ਪੁਲ ਦੀ ਗਰਾਂਟ ਤੇ ਪੁਲ ਨੂੰ ਬਣਾਉਣ ਬਾਰੇ ਪੁੱਛਿਆ ਤਾਂ ਘਬਰਾਇਆ ਹੋਇਆ ਸਰਪੰਚ ਪਿੰਡ ਦੇ ਲੋਕਾਂ ਨੂੰ ਨਾਲ ਲੈ ਕੇ ਮੌਕੇ ਵਾਲੀ ਥਾਂ ਪਹੁੰਚਿਆ ਤੇ ਉੱਥੇ ਜਾ ਕੇ ਜਦੋਂ ਮੌਕਾ ਵਿਖਾਇਆ ਤਾਂ ਉੱਥੇ ਪੁਲ ਸਬੰਧੀ ਕੁਝ ਵੀ ਨਹੀਂ ਸੀ। ਇਸ ਮੌਕੇ ਪਿੰਡ ਦੇ ਸਰਪੰਚ ਨੇ ਲੋਕਾਂ ਨੂੰ ਪੰਚਾਇਤ ਦੇ ਖਾਤੇ ਦੀ ਬੈਂਕ ਤੋਂ ਨਕਲ ਵੀ ਕਢਵਾ ਕੇ ਵਿਖਾਈ ਜਿਸ ਨੂੰ ਵੇਖ ਕੇ ਪਿੰਡ ਬੁਜਰਕ ਦੇ ਲੋਕ ਵੀ ਉੱਥੇ ਆ ਗਏ, ਜਿਨ੍ਹਾਂ ਨੇ ਵੇਖਿਆ ਕਿ ਉੱਥੇ ਬਿਜਲੀ ਦੇ ਖੰਭੇ ਰੱਖ ਕੇ ਦੋ ਪਹੀਆ ਵਾਹਨ ਤੇ ਪੈਦਲ ਚੱਲਣ ਲਈ ਰਸਤਾ ਬਣੇ ਹੋਣ ਤੋਂ ਸਿਵਾਏ ਕੁਝ ਨਹੀਂ ਸੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੋਵੇਂ ਪਿੰਡਾਂ ਦੇ ਲੋਕਾਂ, ਸਰਪੰਚ ਅਵਤਾਰ ਸਿੰਘ ਤੇ ਬਲਾਕ ਸਮਿਤੀ ਮੈਂਬਰ ਫਤਿਹ ਸਿੰਘ ਆਦਿ ਦਰਜਨਾਂ ਲੋਕਾਂ ਨੇ ਭਗਵੰਤ ਮਾਨ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਬਘਰੌਲ ਝੰਬੋ ਚੋਅ ਦਾ ਪੁਲ 6 ਲੱਖ ਰੁਪਏ ਵਿੱਚ ਬਣਾ ਕੇ ਲੋਕਾਂ ਨੂੰ ਸਮਰਪਿਤ ਕੀਤੇ ਜਾਣ ਦੇ ਬਿਆਨ ਝੂਠ ਦਾ ਪੁਲੰਦਾ ਹਨ ਅਤੇ ਚੋਣਾਂ ਵਿੱਚ ਲਾਹਾ ਲੈਣ ਤੋਂ ਵੱਧ ਕੁਝ ਨਹੀਂ ਹਨ। ਉਨ੍ਹਾਂ ਦੱਸਿਆ ਕਿ ਪੁਲ ਦੇ ਨਿਰਮਾਣ ਲਈ ਬਘਰੌਲ ਪਿੰਡ ਦੇ ਲੋਕਾਂ ਵੱਲੋਂ ਮੰਗ ਕੀਤੀ ਗਈ ਸੀ, ਜਿਸ ਦਾ ਕਿ ਕੋਈ ਵੀ ਐਸਟੀਮੇਟ ਬਣਾਏ ਜਾਣ ਬਾਰੇ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇ ਕੋਈ ਕਾਗਜ਼ੀ ਕਾਰਵਾਈ ਹੋਈ ਹੋਵੇ ਤਾਂ ਉਹ ਕਾਗਜ਼ਾਂ ਤੱਕ ਹੀ ਸੀਮਤ ਹੋ ਕੇ ਰਹਿ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਪੁਲ ਦੇ ਬਣਨ ਨਾਲ ਪਿੰਡ ਬੁਜਰਕ ਪ੍ਰੇਮ ਸਿੰਘ ਵਾਲਾ, ਮਵੀ, ਕਕਰਾਲਾ ਆਦਿ ਦੇ ਲੋਕਾਂ ਨੂੰ ਦਿੜ੍ਹਬਾ ਜਾਣ ਲਈ ਬਹੁਤ ਸੌਖ ਹੋਵੇਗੀ ਤੇ ਉਧਰੋਂ ਸਫੀਪੁਰ ਵਗੈਰਾ ਪਿੰਡਾਂ ਨੂੰ ਆਉਣ ਲਈ ਸਮਾਣਾ ਕਾਫ਼ੀ ਨਜ਼ਦੀਕ ਹੋ ਜਾਵੇਗਾ। ਇਸ ਮੌਕੇ ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਇਸ ਪੁਲ ਦਾ ਨਿਰਮਾਣ ਜਲਦੀ ਤੋਂ ਜਲਦੀ ਕਰਵਾਇਆ ਜਾਵੇ। ਇਸ ਸਬੰਧੀ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਨਾਲ ਮੋਬਾਇਲ ਫੋਨ ਉਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ।
ਕੀ ਕਹਿੰਦੇ ਨੇ ਡਰੇਨੇਜ ਵਿਭਾਗ ਦੇ ਚੀਫ਼ ਇੰਜਨੀਅਰ
ਇਸ ਮੌਕੇ ਡਰੇਨਜ਼ ਵਿਭਾਗ ਦੇ ਚੀਫ ਇੰਜਨੀਅਰ ਦਵਿੰਦਰ ਸਿੰਘ ਨਾਲ ਜਦੋਂ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਪੁਲ ਦਾ ਐਸਟੀਮੇਟ ਬਣਾਉਣ ਲਈ ਕੋਈ ਵੀ ਡਿਮਾਂਡ ਨਹੀਂ ਆਈ ਪਰ ਅਸੂਲਾਂ ਮੁਤਾਬਕ ਪੁਲਾਂ ਦਾ ਅੰਤਰ ਘੱਟ ਹੋਣ ਕਾਰਨ ਨਵਾਂ ਪੁਲ ਬਣਾਇਆ ਹੀ ਨਹੀਂ ਜਾ ਸਕਦਾ।