ਸਰਬਜੀਤ ਸਿਘ ਭੰਗੂ
ਪਟਿਆਲਾ, 23 ਦਸੰਬਰ
ਬਿਜਲੀ ਸੈਕਟਰ ਵਿਚਲੇ ਸਮੁੱਚੇ ਮੁਲਾਜ਼ਮ ਵਰਗ ਲਈ ਤਨਖਾਹ ਸਕੇਲਾਂ ਸਬੰਧੀ ਜਾਰੀ ਵਿਵਾਦ ਨੂੰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਨਵੇਂ ਬਣੇ ਚੇਅਰਮੈਨ ਕਮ-ਮੈਨੇਜਿੰਗ ਡਾਇਰੈਕਟਰ (ਸੀਐੱਮਡੀ) ਇੰਜ: ਬਲਦੇਵ ਸਿੰਘ ਸਰਾ ਨੇ ਕੁਰਸੀ ’ਤੇ ਬੈਠਦਿਆਂ ਹੀ ਹੱਲ ਕਰ ਦਿੱਤਾ।
ਅਹੁਦਾ ਸੰਭਾਲਣ ਤੋਂ ਤੁਰੰਤ ਬਾਅਦ ਉਨ੍ਹਾਂ ਨੇ ਬਿਜਲੀ ਮੁਲਾਜ਼ਮਾਂ ਦੀਆਂ ਸਮੂਹ ਜਥੇਬੰਦੀਆਂ ਦੇ ਨੁਮਾਇੰਦਿਆ ਨਾਲ ਮੀਟਿੰਗ ਕੀਤੀ, ਜਿਸ ਦੌਰਾਨ ਹੋਈ ਵਿਚਾਰ ਚਰਚਾ ਉਪਰੰਤ ਉਨ੍ਹਾਂ ਨੇ ਸਮੂਹ ਬਿਜਲੀ ਮੁਲਾਜ਼ਮਾਂ ਨੂੰ ਦਸੰਬਰ ਮਹੀਨੇ ਦੀ ਤਨਖ਼ਾਹ ਵਧੇ ਹੋਏ ਸਕੇਲਾਂ ਨਾਲ ਜਾਰੀ ਕਰਨ ਦਾ ਐਲਾਨ ਕੀਤਾ। ਇਸ ਮਗਰੋਂ ਇਨ੍ਹਾਂ ਸਮੂਹ ਜਥੇਬੰਦੀਆਂ ਨੇ ਵੀ 23/24 ਦਸੰਬਰ ਦੀ ਅੱਧੀ ਰਾਤ ਤੋਂ ਸਮੂਹਿਕ ਤੌਰ ’ਤੇ ਲੰਬੀ ਛੁੱਟੀ ’ਤੇ ਜਾਣ ਦਾ ਉਲੀਕਿਆ ਗਿਆ ਪ੍ਰੋਗਰਾਮ ਵੀ ਰੱਦ ਕਰ ਦਿੱਤਾ, ਜਿਸ ’ਤੇ ਸੂਬਾ ਸਰਕਾਰ ਨੇ ਵੀ ਸੁੱਖ ਦਾ ਸਾਹ ਲਿਆ ਹੈ। ਬਿਜਲੀ ਅਦਾਰੇ ਦੇ 35 ਹਜ਼ਾਰ ਤੋਂ ਵੀ ਵੱਧ ਮੁਲਾਜ਼ਮਾਂ ਤੋਂ ਲੈ ਕੇ ਚੀਫ ਇੰਜਨੀਅਰ ਤੱਕ ਦੇ ਉੱਚ ਅਧਿਕਾਰੀਆਂ ਵੱਲੋਂ ਸਮੂਹਿਕ ਛੁੱਟੀ ’ਤੇ ਜਾਣ ਵਾਲਾ ਇਹ ਫ਼ੈਸਲਾ ਸੂਬਾ ਸਰਕਾਰ ਲਈ ਵੱਡੀ ਸਿਰਦਰਦੀ ਬਣਿਆ ਹੋਇਆ ਸੀ। ਜਾਣਕਾਰੀ ਅਨੁਸਾਰ ਇਹ ਲਾਭ ਮੁਲਾਜ਼ਮਾਂ ਨੇ ਇਸ ਦਸੰਬਰ ਮਹੀਨੇ ਦੀ ਤਨਖਾਹ ਨਾਲ ਮਿਲਣਗੇ।
ਉੱਧਰ, ਬਿਜਲੀ ਮੁਲਾਜ਼ਮ ਆਗੂ ਮਨਜੀਤ ਚਾਹਲ, ਕਰਮਚੰਦ ਭਾਰਦਵਾਜ ਆਦਿ ਨੇ ਦੱਸਿਆ ਕਿ ਸੀਐੱਮਡੀ ਦੇ ਐਲਾਨ ਮਗਰੋਂ ਬਿਜਲੀ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਨੇ ਸਮੂਹਿਕ ਛੁੱਟੀ ’ਤੇ ਜਾਣ ਦਾ ਪ੍ਰੋਗਰਾਮ ਵੀ ਰੱਦ ਦਿੱਤਾ। ਮਨਜੀਤ ਚਾਹਲ ਮੁਤਾਬਕ ਪਹਿਲਾਂ 120 ਕਰੋੜ ਰੁਪਏ ਮਹੀਨਾ ਬਣਦਾ ਸਮੁੱਚੇ ਬਿਜਲੀ ਮੁਲਾਜ਼ਮਾਂ ਦਾ ਸੈਲਰੀ ਬਿੱਲ ਹੁਣ 15 ਫ਼ੀਸਦੀ ਵਾਧੇ ਨਾਲ ਬਣੇਗਾ। ਜਦਕਿ ਪਹਿਲੀ ਦਸੰਬਰ 2015 ਤੋਂ ਪਹਿਲਾਂ ਸੇਵਾਮੁਕਤ ਹੋਏ ਕਰਮਚਾਰੀਆਂ ਅਤੇ ਅਫਸਰਾਂ ਦੀ ਪੈਨਸ਼ਨ ਵਿੱਚ ਵੀ ਵਾਧਾ ਕੀਤਾ ਗਿਆ ਹੈ।
ਸਰਾ ਨੇ ਮੁੜ ਸੰਭਾਲਿਆ ਸੀਐੱਮਡੀ ਦਾ ਅਹੁਦਾ
ਪੰਜਾਬ ਸਰਕਾਰ ਵੱਲੋਂ ‘ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ’ (ਪੀਐਸਪੀਸੀਐਲ) ਦੇ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ (ਸੀਐਮਡੀ) ਲਾਏ ਗਏ ਇੰਜ: ਬਲਦੇਵ ਸਿੰੰਘ ਸਰਾ ਨੇ ਅੱਜ ਇਥੇ ਚਾਰਜ ਸੰਭਾਲ਼ ਲਿਆ ਹੈ। ਇਹ ਨਿਯੁਕਤੀ ਇੱਕ ਸਾਲ ਲਈ ਕੀਤੀ ਗਈ ਹੈ। ਉਂਜ ਬਿਜਲੀ ਮਹਿਕਮੇ ਵਿਚੋਂ ਹੀ ਚੀਫ਼ ਇੰਜਨੀਅਰ ਵਜੋਂ ਸੇਵਾ ਮੁਕਤ ਸ੍ਰੀ ਸਰਾ ਪਹਿਲਾਂ ਵੀ (ਜੂਨ 2018 ਤੋ ਜੂਨ 2020 ਤੱਕ) ਦੋ ਸਾਲ ਸੀਐਮਡੀ ਰਹਿ ਚੁੱਕੇ ਹਨ। ਇਸੇ ਮੌਕੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਕੈਬਨਿਟ ਮੰਤਰੀ ਤ੍ਰਿਪਤਰਾਜਿੰਦਰ ਸਿੰਘ ਬਾਜਵਾ ਵੀ ਉਚੇਚੇ ਤੌਰ ’ਤੇ ਪੁੱਜੇ ਹੋਏ ਸਨ।