ਪਵਨ ਗੋਇਲ
ਭੁੱਚੋ ਮੰਡੀ, 28 ਅਕਤੂਬਰ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਖੇਤੀ ਕਨੂੰਨਾਂ ਖ਼ਿਲਾਫ਼ ਲਹਿਰਾ ਬੇਗਾ ਟੌਲ ਪਲਾਜ਼ਾ, ਬੈਸਟ ਪ੍ਰਾਈਸ ਅਤੇ ਐੱਸਆਰ ਪੰਪ ਅੱਗੇ ਚੱਲ ਰਹੇ ਸਾਂਤਮਈ ਮੋਰਚੇ ਅੱਜ 28ਵੇਂ ਦਿਨ ਵਿੱਚ ਦਾਖ਼ਲ ਹੋ ਗਏ ਹਨ। ਬੈਸਟ ਪ੍ਰਾਈਸ ਮੋਰਚੇ ਨੂੰ ਸੰਬੋਧਨ ਕਰਦਿਆਂ ਬਲਾਕ ਆਗੂਆਂ ਨੇ ਦੱਸਿਆ ਕਿ ਲੋਕ ਸੰਘਰਸ਼ ਨੂੰ ਦਿਲ ਖੋਲ੍ਹ ਕੇ ਦਾਨ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਕੌਮਾਂਤਰੀ ਕਬੱਡੀ ਖਿਡਾਰੀ ਰਪਿੰਦਰ ਜਲਾਲ ਨੇ 20 ਹਜ਼ਾਰ ਰੁਪਏ, ਕਰਿਆਨਾ ਐਸੋਸੀਏਸ਼ਨ ਭੁੱਚੋ ਮੰਡੀ ਨੇ 15 ਹਜ਼ਾਰ ਰੁਪਏ, ਗੁਰਦੁਆਰਾ ਕਮੇਟੀ ਲਹਿਰਾ ਬੇਗਾ, ਗੁਰਜੰਟ ਸਿੰਘ ਸੇਮਾਂ ਤੇ ਪ੍ਰਵੀਨ ਗਰਗ ਮੋਗਾ ਨੇ 10-10 ਹਜ਼ਾਰ ਰੁਪਏ ਅਤੇ ਪਿੰਡ ਪੂਹਲਾ ਨੇ ਪੰਜ ਹਜ਼ਾਰ ਰੁਪਏ ਫੰਡ ਭੇਜਿਆ ਹੈ। ਇਸ ਤੋਂ ਇਲਾਵਾ ਅਨੇਕ ਵਿਅਕਤੀਆਂ ਨੇ ਸੌ ਤੋਂ ਹਜ਼ਾਰ ਰੁਪਏ ਤੱਕ ਦੀ ਮਾਲੀ ਮੱਦਦ ਕੀਤੀ ਹੈ। ਇਸ ਮੌਕੇ ਜਗਜੀਤ ਸਿੰਘ, ਇਕਬਾਲ ਭੈਣੀ, ਨਿਗੌਰ ਸਿੰਘ, ਅਜਮੇਰ ਸਿੰਘ, ਕਰਮਜੀਤ ਕੌਰ, ਚਰਨਜੀਤ ਕੌਰ, ਸੁਖਜੀਤ ਕੌਰ ਅਤੇ ਜਸਵੀਰ ਕੌਰ ਨੇ ਸੰਬੋਧਨ ਕੀਤਾ।
ਭਗਤਾ ਭਾਈ (ਰਾਜਿੰਦਰ ਸਿੰਘ ਮਰਾਹੜ): ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਵੱਲੋਂ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿਚ ਭਗਤਾ ਭਾਈ ਵਿੱਚ ਰਿਲਾਇੰਸ ਪੰਪ ਅੱਗੇ ਲਗਾਇਆ ਦਿਨ-ਰਾਤ ਦਾ ਧਰਨਾ 18ਵੇਂ ਦਿਨ ਵੀ ਜਾਰੀ ਰਿਹਾ। ਇਸ ਮੌਕੇ ਜਥੇਬੰਦੀ ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ, ਲੋਕ ਸੰਗਰਾਮ ਮੋਰਚਾ ਪੰਜਾਬ ਦੇ ਮੀਤ ਪ੍ਰਧਾਨ ਬਲਵੰਤ ਮਹਿਰਾਜ, ਭਗਵਾਨ ਸਿੰਘ ਹਰਰਾਏਪੁਰ, ਤੀਰਥ ਸੇਲਬਰਾਹ, ਗੁਰਪ੍ਰੀਤ ਭਗਤਾ, ਕਰਮਜੀਤ ਜੇਈ, ਗੁਰਮੇਲ ਢਿਪਾਲੀ, ਹਰਜਿੰਦਰ ਮਹਿਰਾਜ ਅਤੇ ਮਜਦੂਰ ਆਗੂ ਜੀਤ ਸਿੰਘ ਮਹਿਰਾਜ ਨੇ ਸੰਬੋਧਨ ਕੀਤਾ।
ਮਲੋਟ (ਲਖਵਿੰਦਰ ਸਿੰਘ): ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ 31 ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਮਲੋਟ ਤੋਂ ਬਠਿੰਡਾ ਰੇਲਵੇ ਲਾਇਨ ’ਤੇ ਸਥਿਤ ਪਿੰਡ ਫਕਰਸਰ ਥੇੜ੍ਹੀ ਵਿੱਚ ਪਿਛਲੇ 28 ਦਿਨਾਂ ਤੋਂ ਚੱਲ ਰਹੇ ਸੰਘਰਸ਼ ਦੌਰਾਨ ਇਕੱਤਰ ਹੋਏ ਕਿਸਾਨਾਂ ਨੇ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਜਲਾਲਾਬਾਦ (ਚੰਦਰ ਪ੍ਰਕਾਸ਼ ਕਾਲੜਾ) : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਮਾਹਮੂਜੋਈਆ ਟੌਲ ਪਲਾਜ਼ਾ, ਈਜੀਡੇ ਅਤੇ ਜਲਾਲਾਬਾਦ ’ਚ ਰਿਲਾਇੰਸ ਪੰਪ ਦਾ ਘਿਰਾਓ ਲਗਾਤਾਰ 28ਵੇਂ ਦਿਨ ਵੀ ਜਾਰੀ ਰਿਹਾ।
ਨੰਬਰਦਾਰਾਂ ਵੱਲੋਂ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ
ਬਰਨਾਲਾ (ਪਰਸ਼ੋਤਮ ਬੱਲੀ): ਪੰਜਾਬ ਨੰਬਰਦਾਰ ਯੂਨੀਅਨ (ਸਮਰਾ) ਗਰੁੱਪ ਦੇ ਨੰਬਰਦਾਰਾਂ ਦੇ ਜ਼ਿਲ੍ਹਾ ਪ੍ਰਧਾਨ ਨੰਬਰਦਾਰ ਗੱਜਣ ਸਿੰਘ ਧਨੌਲਾ ਦੀ ਪ੍ਰਧਾਨਗੀ ਹੇਠ ਇੱਥੇ ਗੁਰਦੁਆਰਾ ਨਾਨਕਸਰ ਠਾਠ ਵਿੱਚ ਜ਼ਿਲ੍ਹਾ ਪੱਧਰੀ ਮੀਟਿੰਗ ਹੋਈ। ਆਗੂਆਂ ਨੇ ਕਿਹਾ ਕਿ ਜਥੇਬੰਦੀ ਲੰਬੇ ਸਮੇਂ ਤੇ ਫੀਲਡ ਵਿੱਚ ਕੰਮ ਕਰਦੇ ਨੰਬਰਦਾਰਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਲਗਾਤਾਰ ਯਤਨਸ਼ੀਲ ਹੈ ਅਤੇ ਕੁੱਝ ਮਸਲੇ ਪੰਜਾਬ ਸਰਕਾਰ ਤੱਕ ਪੁੱਜਦੇ ਕਰਕੇ ਹੱਲ ਵੀ ਕਰਵਾਈ ਹਨ। ਮੀਟਿੰਗ ਦੌਰਾਨ ਕੇਂਦਰੀ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਕਿਸਾਨਾਂ ਦੇ ਸੰਘਰਸ਼ ਦੀ ਡਟਵੀਂ ਹਮਾਇਤ ਦਾ ਵੀ ਸਰਬਸਮਤੀ ਨਾਲ ਫੈਸਲਾ ਲਿਆ। ਪਿੰਡ ਹਮੀਦੀ ਦੇ ਨੰਬਰਦਾਰ ਕ੍ਰਿਸ਼ਨ ਚੰਦ ਸ਼ਰਮਾ ਦੀ ਮੌਤ ‘ਤੇ ਦੋ ਮਿੰਟ ਦਾ ਮੌਨ ਧਾਰ ਕੇ ਸਰਧਾਜਲੀ ਭੇਟ ਕੀਤੀ।
ਵਿਦਿਆਰਥੀ ਤੇ ਨੌਜਵਾਨ ਵੀ ਭੁੱਖ ਹੜਤਾਲ ’ਤੇ ਬੈਠੇ
ਸਿਰਸਾ(ਪ੍ਰਭੂ ਦਿਆਲ): ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੇ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਤੇ ਬਿਜਲੀ ਮੰਤਰੀ ਚੌਧਰੀ ਰਣਜੀਤ ਸਿੰਘ ਦੇ ਅਸਤੀਫ਼ਿਆਂ ਦੀ ਮੰਗ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦਾ ਪੱਕਾ ਮੋਰਚਾ ਸ਼ਹੀਦ ਭਗਤ ਸਿੰਘ ਸਟੇਡੀਅਮ ਵਿੱਚ ਜਾਰੀ ਹੈ। ਇਸ ਦੌਰਾਨ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਭੁੱਖ ਹੜਤਾਲ ਵਿੱਚ ਵਿਦਿਆਰਥੀ ਤੇ ਨੌਜਵਾਨ ਵੀ ਸ਼ਾਮਲ ਹੋ ਰਹੇ ਹਨ। ਅੱਜ ਜਿਹੜੇ ਕਿਸਾਨਾਂ ਨੇ ਭੁੱਖ ਹੜਤਾਲ ਕੀਤੀ ਉਨ੍ਹਾਂ ਵਿੱਚ ਇਕ ਸੋਲਾਂ ਸਾਲ ਤੇ ਇਕ ਅਠਾਰਾਂ ਸਾਲ ਦ ਨੌਜਵਾਨ ਵੀ 24ਘੰਟਿਆਂ ਦਾ ਵਰਤ ਰੱਖਿਆ ਗਿਆ।