ਬੱਚਿਆਂ ਦੀ ਪੜ੍ਹਾਈ ਦਾ ਖਿਆਲ ਕਰੋ
28 ਅਕਤੂਬਰ ਦੇ ਅੰਕ ’ਚ ਦੂਜੇ ਸਫ਼ੇ ’ਤੇ ਕਿਸਾਨ ਅੰਦੋਲਨ ਬਾਰੇ ਛਪੀ ਖ਼ਬਰ ’ਚ ਰੇਲ ਪੱਟੜੀਆਂ ’ਤੇ ਲੇਟੇ ਹੋਏ ਕਿਸਾਨਾਂ ਦੇ ਬੱਚਿਆਂ ਦੀ ਫ਼ੋਟੋ ਛਪੀ ਹੈ। ਸਕੂਲ ਬੰਦ ਹੋਣ ਕਰ ਕੇ ਬੱਚਿਆਂ ਦਾ ਕੀਮਤੀ ਸਮਾਂ ਖ਼ਰਾਬ ਹੋ ਰਿਹਾ ਹੈ। ਕਰੋਨਾ ਦੇ ਡਰ ਕਾਰਨ ਵਿਦਿਅਕ ਸੰਸਥਾਵਾਂ ਨੂੰ ਬੰਦ ਰੱਖਣ ਦਾ ਕੋਈ ਫ਼ਾਇਦਾ ਨਹੀਂ ਕਿਉਂਕਿ ਵਿਹਲੇ ਹੋਣ ਕਰ ਕੇ ਵਿਦਿਆਰਥੀ ਭੀੜ ਵਾਲੀਆਂ ਥਾਵਾਂ ’ਤੇ ਸਗੋਂ ਵੱਧ ਜਾ ਰਹੇ ਹਨ। ਲੰਮਾ ਸਮਾਂ ਪੜ੍ਹਾਈ ਤੋਂ ਲਾਂਭੇ ਰਹਿਣ ਕਰ ਕੇ ਬੱਚਿਆਂ ਦੇ ਭਵਿੱਖ ਨੂੰ ਹੋਰ ਖ਼ਰਾਬ ਹੋਣ ਤੋਂ ਬਚਾਉਣ ਲਈ ਸਾਰੀਆਂ ਵਿਦਿਅਕ ਸੰਸਥਾਵਾਂ ਨੂੰ ਖੋਲ੍ਹਣਾ ਚਾਹੀਦਾ ਹੈ।
ਸੋਹਣ ਲਾਲ ਗੁਪਤਾ, ਪਟਿਆਲਾ
ਸੰਘਰਸ਼ ਦਾ ਪਿੜ
28 ਅਕਤੂਬਰ ਨੂੰ ਨਜ਼ਰੀਆ ਪੰਨੇ ’ਤੇ ਜਤਿੰਦਰ ਸਿੰਘ ਦਾ ਲੇਖ ‘ਸੰਘਰਸ਼ ਦਾ ਪਿੜ ਮੱਲੀ ਬੈਠੇ ਆਪਣਿਆਂ ਸੰਗ ਸੰਵਾਦ’ ਸੰਘਰਸ਼ ਲਈ ਇਕਜੁੱਟਤਾ ਦਾ ਸੰਦੇਸ਼ ਦਿੰਦਾ ਹੈ। ਮੋਦੀ ਸਰਕਾਰ ਲੋਕਾਈ ਵਿਚ ਧਰਮ ਤੇ ਜਾਤ ਦੇ ਨਾਂ ’ਤੇ ਵੰਡੀਆਂ ਪਾ ਕੇ ਝੂਠ ਦੇ ਸਹਾਰੇ ਟਿਕੀ ਹੋਈ ਹੈ। ਸੱਚ ਕਹਿਣ ਵਾਲੇ ਲੋਕਾਂ ਨੂੰ ਜੇਲ੍ਹਾਂ ਵਿਚ ਡੱਕਿਆ ਹੋਇਆ ਹੈ। ਫਿਰ ਵੀ ਸ਼ਾਹੀਨ ਬਾਗ਼ ਅਤੇ ਹੁਣ ਕਿਸਾਨੀ ਅੰਦੋਲਨ ਦੀ ਵਿਸ਼ਾਲ ਲਹਿਰ ਨੇ ਲੋਕਾਈ ਨੂੰ ਇਕ ਮੰਚ ’ਤੇ ਇਕੱਠੇ ਹੋਣ ਲਈ ਜਾਗਰੂਕ ਕੀਤਾ ਹੈ। ਇਸ ਦੀ ਲਾਮਬੰਦੀ ਨੂੰ ਹੋਰ ਵਧਾਉਣ ਲਈ ਸਾਨੂੰ ਸਭ ਧਿਰਾਂ ਨੂੰ ਇਕ ਸਾਥ ਲੈ ਕੇ ਚੱਲਣ ਲਈ ਹੁਣ ਉਨ੍ਹਾਂ ਨਾਲ ਵੱਧ ਤੋਂ ਵੱਧ ਸੰਪਰਕ ਬਣਾਉਣ ਦੀ ਲੋੜ ਹੈ।
ਹਰਨੰਦ ਸਿੰਘ ਬੱਲਿਆਂਵਾਲਾ (ਤਰਨ ਤਾਰਨ)
(2)
ਜਤਿੰਦਰ ਸਿੰਘ ਦਾ ਲੇਖ ਪੜ੍ਹ ਕੇ ਪਤਾ ਲੱਗਦਾ ਹੈ ਕਿ ਸੰਘਰਸ਼ ਦੇ ਪਿੜ ਵਿਚੋਂ ਪੰਜਾਬ ਲਈ ਧਰਮ ਤੇ ਜਾਤ-ਪਾਤ ਤੋਂ ਉੱਪਰ ਉੱਠ ਕੇ ਸਿਆਸੀ ਵਧੀਕੀਆਂ ਨੂੰ ਕਿਵੇਂ ਲਲਕਾਰਿਆ ਜਾ ਸਕਦਾ ਹੈ। ਸੱਚ ਝੂਠ ਦੀ ਲੜਾਈ ਵਿਚ ਸੱਚ ਨੂੰ ਖ਼ੋਰਾ ਲਾਉਣ ਦੀਆਂ ਕੋਸ਼ਿਸ਼ਾਂ ਹਰ ਹਕੂਮਤੀ ਢਾਂਚਾ ਕਰਦਾ ਹੀ ਰਿਹਾ ਹੈ ਪਰ ਸੱਚਾਈ ਅਟੱਲ ਹੈ, ਇਸ ਨੂੰ ਦਬਾਇਆ ਨਹੀਂ ਜਾ ਸਕਦਾ ਅਤੇ ਇਹ ਸੱਚ ਤਾਨਾਸ਼ਾਹੀ ਰਵੱਈਆ ਨੂੰ ਵੀ ਬੇਵੱਸ ਹੋਣ ਲਈ ਮਜਬੂਰ ਕਰ ਦਿੰਦਾ ਹੈ। ਸੱਚ ਦੀ ਜੋਤ ਜਗਦੀ ਰੱਖਣ ਲਈ ਹਰ ਵਰਗ ਦੀ ਸ਼ਮੂਲੀਅਤ ਅਤੇ ਪਿਛਾਂਹਖਿੱਚੂ ਧਾਰਾਵਾਂ ਤੋਂ ਉੱਪਰ ਉੱਠ ਕੇ ਹੀ ਜਗਾਈ ਜਾ ਸਕਦੀ ਹੈ।
ਜਸ਼ਨ ਹੀਰਕੇ (ਮਾਨਸਾ)
ਕੇਂਦਰੀ ਸਾਜ਼ਿਸ਼ਾਂ !
24 ਅਕਤੂਬਰ ਦੇ ਖੇਤੀ ਪੰਨੇ ’ਤੇ ਨਿਰਮਲ ਸਾਧਾਂਵਾਲੀਆ ਦਾ ਖੇਤੀ ਸਰੋਕਾਰਾਂ ਬਾਰੇ ਲੇਖ ਕਿਸਾਨੀ ਸੰਘਰਸ਼ ਨੂੰ ਆਉਣ ਵਾਲੇ ਖ਼ਤਰਿਆਂ ਤੋਂ ਸੁਚੇਤ ਕਰਨ ਵਾਲਾ ਹੈ। ਇਸ ਵਿਚ ਦੋ ਰਾਵਾਂ ਨਹੀਂ ਕਿ ਸਰਕਾਰਾਂ ਮੁਖ਼ਾਲਫ਼ਿਤ ਬਰਦਾਸ਼ਤ ਨਹੀਂ ਕਰਦੀਆਂ। ਇਸ ਲਈ ਇਸ ਸੰਘਰਸ਼ ਨੂੰ ਤਾਰਪੀਡੋ ਕਰਨ ਲਈ ਸਾਜ਼ਿਸ਼ਾਂ ਘੜੀਆਂ ਜਾਣਗੀਆਂ। ਸੋ, ਇਸ ਸੰਘਰਸ਼ ਦੇ ਆਗੂਆਂ, ਪ੍ਰਬੰਧਕਾਂ ਅਤੇ ਆਮ ਕਿਸਾਨਾਂ ਸਾਰਿਆਂ ਨੂੰ ਇਨ੍ਹਾਂ ਬਦਨੀਤੀਆਂ ਬਾਰੇ ਸੁਚੇਤ ਰਹਿਣ ਦੀ ਲੋੜ ਹੈ। ਪੰਜਾਬ ਦੇ ਵਿਕਾਸ ਲਈ ਸਨਅਤਾਂ ਜ਼ਰੂਰੀ ਹਨ। ਇਸੇ ਦਿਨ ਨਜ਼ਰੀਆ ਪੰਨੇ ’ਤੇ ਡਾ. ਰਾਜੀਵ ਖੋਸਲਾ ਦਾ ਲੇਖ ਵੀ ਕੇਂਦਰ ਦੀਆਂ ਅਜਿਹੀਆਂ ਸਿਆਸੀ ਚਾਲਬਾਜ਼ੀਆਂ ਅਤੇ ਨੁਕਸਦਾਰ ਨੀਤੀਆਂ ਦੇ ਪਾਜ ਉਘਾੜਦਾ ਹੈ ਜਿਨ੍ਹਾਂ ਕਾਰਨ ਅੱਜ ਪੂਰਾ ਮੁਲਕ ਆਰਥਿਕ ਮੰਦੀ ਦੇ ਉਸ ਦੌਰ ਵਿਚੋਂ ਲੰਘ ਰਿਹਾ ਹੈ ਅਤੇ ਜਿਸ ਦਾ ਨੇੜੇ ਤੇੜੇ ਕੋਈ ਹੱਲ ਨਜ਼ਰ ਨਹੀਂ ਆਉਂਦਾ।
ਡਾ. ਤਰਲੋਚਨ ਕੌਰ, ਪਟਿਆਲਾ
ਪੜ੍ਹਾਈ ਛੁੱਟਣ ਦਾ ਡਰ
ਮੈਂ ਯੂਨੀਵਰਸਿਟੀ ਕਾਲਜ, ਘਨੌਰ ਵਿਚ ਬੀਏ (ਭਾਗ ਦੂਜਾ) ਦੀ ਵਿਦਿਆਰਥਣ ਹਾਂ ਜੋ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਅਧੀਨ ਹੈ। ਕਾਲਜ ਨੇ ਫਰਵਰੀ 2020 ਵਿਚ 2120 ਰੁਪਏ (1530+ਪ੍ਰੈਕਟੀਕਲ) ਪੇਪਰਾਂ ਦੀ ਫ਼ੀਸ ਲਈ ਸੀ। 15 ਮਾਰਚ ਨੂੰ ਲੌਕਡਾਊਨ ਕਾਰਨ ਕਾਲਜ ਬੰਦ ਹੋ ਗਿਆ ਤੇ ਸਾਡੀਆਂ ਆਨਲਾਈਨ ਕਲਾਸਾਂ 15 ਅਗਸਤ ਤੋਂ ਸ਼ੁਰੂ ਹੋਈਆਂ ਹਨ। ਇਸ ਦੌਰਾਨ ਸਾਡਾ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਪੇਪਰ ਯੂਨੀਵਰਸਿਟੀ ਨੇ ਨਹੀਂ ਲਿਆ। ਅਗਸਤ ਵਿਚ ਸਾਡੇ ਕੋਲੋਂ 4500 ਰੁਪਏ (4200+ ਪਰਾਸਪੈਕਟਸ) ਤਕ ਦਾਖ਼ਲਾ ਫ਼ੀਸ ਭਰਵਾਈ ਤੇ ਫਿਰ 3495 ਰੁਪਏ (1570+ਪ੍ਰੈਕਟੀਕਲ+1375) ਪੇਪਰਾਂ ਲਈ ਫ਼ੀਸ 21 ਅਕਤੂਬਰ ਤਕ ਭਰਨ ਲਈ ਕਹਿ ਦਿੱਤਾ ਗਿਆ। ਇਸ ਕਾਲਜ ਵਿਚ ਬਹੁਤ ਗ਼ਰੀਬ ਤੇ ਪਿਛੜੇ ਵਰਗਾਂ ਨਾਲ ਸਬੰਧਿਤ ਵਿਦਿਆਰਥੀ ਪੜ੍ਹਦੇ ਹਨ। ਕੁਝ ਵਿਦਿਆਰਥੀਆਂ ਕੋਲ ਤਾਂ ਮੋਬਾਈਲ ਫ਼ੋਨ ਨਹੀਂ ਹੈ, ਇਸੇ ਕਰਕੇ ਉਹ ਹੁਣ ਤਕ ਦੀਆਂ ਆਨਲਾਈਨ ਕਲਾਸਾਂ ਵੀ ਨਹੀਂ ਲਗਾ ਸਕੇ। ਜਿਨ੍ਹਾਂ ਕੋਲ ਫ਼ੋਨ ਹਨ, ਉਹ ਨੈੱਟਪੈਕ ਦੇ ਬੋਝ ਹੇਠ ਹਨ। ਇਸ ਮਾਹੌਲ ਵਿਚ ਜੇਕਰ ਕਾਲਜ ਵਿਦਿਆਰਥੀਆਂ ’ਤੇ ਇਸ ਤਰ੍ਹਾਂ ਆਰਥਿਕ ਬੋਝ ਪੈਂਦਾ ਰਿਹਾ ਤਾਂ ਸਾਡਾ ਪੜ੍ਹਨਾ ਔਖਾ ਹੋ ਜਾਵੇਗਾ ਜਿਸ ਕਾਰਨ ਸਾਡੀ ਪੜ੍ਹਾਈ ਵੀ ਛੁੱਟ ਸਕਦੀ ਹੈ।
ਮਨਪ੍ਰੀਤ ਕੌਰ, ਈਮੇਲ