ਨਵੀਂ ਦਿੱਲੀ, 30 ਮਈ
ਭਾਜਪਾ ਪ੍ਰਧਾਨ ਜੇ ਪੀ ਨੱਡਾ ਨੇ ਕੋਵਿਡ ਰਾਹਤ ਸਮੱਗਰੀ ਨਾਲ ਭਰੇ ਟਰੱਕਾਂ ਦੇ ਕਾਫ਼ਲੇ ਨੂੰ ਰਵਾਨਾ ਕਰਦਿਆਂ ਕਿਹਾ ਕਿ ਜਦੋਂ ਪਾਰਟੀ ਦੇ ਕਰੋੜਾਂ ਵਰਕਰ ਲੋਕਾਂ ਦੀ ਸੇਵਾ ’ਚ ਜੁਟੇ ਹੋਏ ਹਨ ਤਾਂ ਕੁਝ ਪਾਰਟੀਆਂ ਮਹਾਮਾਰੀ ਦੌਰਾਨ ਮੁਲਕ ਦਾ ਹੌਸਲਾ ਡੇਗਣ ਲਈ ਕੰਮ ਕਰ ਰਹੀਆਂ ਹਨ। ਮੋਦੀ ਸਰਕਾਰ ਦੀ ਸੱਤਵੀਂ ਵਰ੍ਹੇਗੰਢ ਮੌਕੇ ਅੱਜ ਭਾਜਪਾ ਆਗੂ ਅਤੇ ਵਰਕਰ ਕੋਵਿਡ ਰੋਕੂ ਤੇ ਰਾਹਤ ਸਰਗਰਮੀਆਂ ’ਚ ਸ਼ਮੂਲੀਅਤ ਕਰ ਰਹੇ ਹਨ। ਭਾਜਪਾ ਨੇ ਕੇਂਦਰ ’ਚ ਆਪਣੀ ਸਰਕਾਰ ਦੀ ਵਰ੍ਹੇਗੰਢ ਦੇ ਜਸ਼ਨ ਨਾ ਮਨਾਉਣ ਦਾ ਫ਼ੈਸਲਾ ਲਿਆ ਹੈ। ਇਸ ਦੀ ਬਜਾਏ ਪਾਰਟੀ ਵੱਲੋਂ ਮੁਲਕ ਭਰ ’ਚ ਰਾਹਤ ਕਾਰਜ ਚਲਾਏ ਜਾ ਰਹੇ ਹਨ।
ਭਾਜਪਾ ਪ੍ਰਧਾਨ ਨੇ ਕਿਹਾ ਕਿ ਕੁਝ ਸਿਆਸੀ ਪਾਰਟੀਆਂ ‘ਇਕਾਂਤਵਾਸ’ ’ਚ ਦਿਖਾਈ ਦੇ ਰਹੀਆਂ ਹਨ ਜਦਕਿ ਭਾਜਪਾ ਆਗੂਆਂ ਅਤੇ ਵਰਕਰਾਂ ਵੱਲੋਂ ਲੋਕਾਂ ਨੂੰ ਭੋਜਨ, ਰਾਸ਼ਨ ਅਤੇ ਕੋਵਿਡ ਨਾਲ ਸਬੰਧਤ ਸਾਜ਼ੋ-ਸਾਮਾਨ ਮੁਹੱਈਆ ਕਰਵਾਏ ਜਾ ਰਹੇ ਹਨ। ਆਪਣੀ ਰਿਹਾਇਸ਼ ਤੋਂ ਵਾਹਨਾਂ ਨੂੰ ਝੰਡੀ ਦਿਖਾਉਣ ਤੋਂ ਪਹਿਲਾਂ ਨੱਡਾ ਨੇ ਕਿਹਾ,‘‘ਅਸੀਂ ਸੇਵਾ ਕਰ ਰਹੇ ਹਾਂ ਅਤੇ ਉਹ ਅੜਿੱਕੇ ਡਾਹ ਰਹੇ ਹਨ। ਕੁਝ ਪਾਰਟੀਆਂ ਨੇ ਲੌਕਡਾਊਨ ਅਤੇ ਵੈਕਸੀਨੇਸ਼ਨ ਬਾਰੇ ਗ਼ੈਰਜ਼ਿੰਮੇਵਾਰਨਾ ਬਿਆਨ ਜਾਰੀ ਕਰਕੇ ਮੁਲਕ ਦਾ ਹੌਸਲਾ ਡੇਗਣ ਦਾ ਕੰਮ ਕੀਤਾ।’’ ਪੱਛਮੀ ਦਿੱਲੀ ਤੋਂ ਭਾਜਪਾ ਦੇ ਸੰਸਦ ਮੈਂਬਰ ਪਰਵੇਸ਼ ਸਾਹਿਬ ਸਿੰਘ ਵਰਮਾ ਨੇ ਦੱਸਿਆ ਕਿ ਸੱਤ ਟਰੱਕਾਂ ’ਚ ਚਾਰ ਲੱਖ ਫੇਸ ਸ਼ੀਲਡਾਂ, ਪੰਜ ਹਜ਼ਾਰ ਰਾਸ਼ਨ ਕਿੱਟਾਂ, ਇਕ ਲੱਖ ਮਾਸਕ ਅਤੇ ਪੰਜ ਹਜ਼ਾਰ ਆਕਸੀਜਨ ਪਾਈਪਾਂ ਆਦਿ ਸਮੱਗਰੀ ਹੈ। ਇਹ ਸਾਮਾਨ ਸਿਹਤ ਵਰਕਰਾਂ ਅਤੇ ਲੋਕਾਂ ਨੂੰ ਵੰਡਿਆ ਜਾਵੇਗਾ। ਸ੍ਰੀ ਵਰਮਾ ਨੇ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਦੀ ਸੱਤਵੀਂ ਵਰ੍ਹੇਗੰਢ ਨੂੰ ਭਾਜਪਾ ਵਰਕਰ ‘ਸੇਵਾ ਦਿਵਸ’ ਵਜੋਂ ਮਨਾਉਣ ਲਈ ਵਚਨਬੱਧ ਹਨ। ਉਨ੍ਹਾਂ ਦਾਅਵਾ ਕੀਤਾ ਕਿ ਮਹਾਮਾਰੀ ਦੌਰਾਨ ਪਾਰਟੀ ਵਰਕਰਾਂ ਵੱਲੋਂ 30 ਕਰੋੜ ਲੋਕਾਂ ਦੀ ਸਹਾਇਤਾ ਕੀਤੀ ਗਈ ਹੈ। -ਪੀਟੀਆਈ
ਮੋਦੀ ਸਰਕਾਰ ਨੇ ਸੱਤ ਵਰ੍ਹਿਆਂ ਦੌਰਾਨ ਬੇਮਿਸਾਲ ਪ੍ਰਾਪਤੀਆਂ ਹਾਸਲ ਕੀਤੀਆਂ: ਸ਼ਾਹ
ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਰਕਾਰ ਦੇ ਸੱਤ ਵਰ੍ਹੇ ਪੂਰੇ ਹੋਣ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਸਮੇਂ ਦੌਰਾਨ ਮੁਲਕ ਨੇ ਸੁਰੱਖਿਆ, ਲੋਕ ਭਲਾਈ ਅਤੇ ਸੁਧਾਰਾਂ ਦੇ ਖੇਤਰ ’ਚ ਬੇਮਿਸਾਲ ਪ੍ਰਾਪਤੀਆਂ ਹਾਸਲ ਕੀਤੀਆਂ ਹਨ। ਆਪਣੇ ਟਵੀਟ ’ਚ ਸ੍ਰੀ ਸ਼ਾਹ ਨੇ ਗਰੀਬਾਂ, ਕਿਸਾਨਾਂ ਅਤੇ ਹਾਸ਼ੀਏ ’ਤੇ ਧੱਕੇ ਵਰਗਾਂ ਦਾ ਜਿਉਣ ਪੱਧਰ ਸੁਧਾਰਨ ਲਈ ਮੋਦੀ ਨੂੰ ਸਿਹਰਾ ਦਿੱਤਾ। ਉਨ੍ਹਾਂ ਕਿਹਾ ਕਿ ਪਿਛਲੇ ਸੱਤ ਸਾਲਾਂ ’ਚ ਮੁਲਕ ਦੇ ਲੋਕਾਂ ਨੇ ਮੋਦੀ ਦੀ ਸੇਵਾ ਅਤੇ ਸਮਰਪਣ ’ਚ ਲਗਾਤਾਰ ਭਰੋਸਾ ਜਤਾਇਆ ਹੈ। ਉਨ੍ਹਾਂ ਭਰੋਸਾ ਜ਼ਾਹਰ ਕੀਤਾ ਕਿ ਮੋਦੀ ਦੀ ਅਗਵਾਈ ਹੇਠ ਦੇਸ਼ ਹਰ ਚੁਣੌਤੀ ਦਾ ਡਟ ਕੇ ਸਾਹਮਣਾ ਕਰੇਗਾ ਅਤੇ ਵਿਕਾਸ ਦਾ ਸਫ਼ਰ ਬਿਨਾ ਰੁਕਾਵਟ ਦੇ ਜਾਰੀ ਰਹੇਗਾ। -ਪੀਟੀਆਈ