ਜਗਤਾਰ ਸਿੰਘ ਨਹਿਲ
ਲੌਂਗੋਵਾਲ, 28 ਅਕਤੂਬਰ
ਪੰਜਾਬ ਸਰਕਾਰ ਵੱਲੋਂ ਹਲਕਾ ਸੁਨਾਮ ਵਿੱਚ ਆਰੰਭੇ ਵਿਕਾਸ ਕਾਰਜਾਂ ਤਹਿਤ ਅੱਜ ਸਥਾਨਕ ਕਸਬੇ ਅੰਦਰ ਕਈ ਵਿਕਾਸ ਕਾਰਜਾਂ ਦਾ ਉਦਘਾਟਨ ਆਲ ਇੰਡੀਆ ਯੂਥ ਕਾਂਗਰਸ ਦੇ ਰਾਸ਼ਟਰੀ ਸਕੱਤਰ ਅਤੇ ਹਿਮਾਚਲ ਪ੍ਰਦੇਸ਼ ਯੂਥ ਕਾਂਗਰਸ ਦੇ ਪ੍ਰਭਾਰੀ ਮੈਡਮ ਦਾਮਨ ਥਿੰਦ ਬਾਜਵਾ ਨੇ ਕੀਤਾ। ਇਸ ਮੌਕੇ ਉਨ੍ਹਾਂ ਦੱਸਿਆ ਕਿ ਕਸਬਾ ਲੌਂਗੋਵਾਲ ਵਿੱਚ 19 ਕਿਸਮ ਦੇ ਵਿਕਾਸ ਕੰਮਾਂ ਦੇ ਟੈਂਡਰ ਲਗਾਏ ਗਏ ਸਨ, ਜਿਨ੍ਹਾਂ ’ਤੇ ਲਗਪਗ 2 ਕਰੋੜ 70 ਲੱਖ ਰੁਪਏ ਦਾ ਖਰਚਾ ਆਵੇਗਾ ਅਤੇ ਇਨ੍ਹਾਂ ਵਿੱਚੋਂ ਅਤਿ ਅਹਿਮ ਜੋ ਕੰਮ ਸਨ , ਉਨ੍ਹਾਂ ਦਾ ਅੱਜ ਉਦਘਾਟਨ ਕਰਕੇ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੰਮਾਂ ਵਿਚ ਪਾਰਕ ਦੀ ਉਸਾਰੀ, ਕਬਰਸਤਾਨ ਦੀ ਚਾਰਦੀਵਾਰੀ, ਗਲੀਆਂ ਵਿਚ ਇੰਟਰਲਾਕ ਟਾਈਲਾਂ ਦੇ ਫਰਸ਼, ਸ਼ਮਸ਼ਾਨਘਾਟ ਦੀ ਚਾਰਦੀਵਾਰੀ, ਸ਼ੈੱਡ ਅਤੇ ਇੰਟਰਲਾਕ ਟਾਈਲਾਂ ਦਾ ਫਰਸ਼ ਆਦਿ ਸ਼ਾਮਿਲ ਹਨ। ਇਸ ਮੌਕੇ ਈਓ ਮਨਿੰਦਰਪਾਲ ਸਿੰਘ , ਜੇਈ ਸੁਭਾਸ਼ ਚੰਦ, ਹਿੰਮਤ ਬਾਜਵਾ ਹਾਜ਼ਰ ਸਨ।