ਕੋਲਕਾਤਾ, 5 ਮਈ
ਟੀਐੱਮਸੀ ਮੁਖੀ ਮਮਤਾ ਬੈਨਰਜੀ ਨੇ ਜਿਵੇਂ ਹੀ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਤਾਂ ਦੂਜੇ ਪਾਸੇ ਭਾਜਪਾ ਪ੍ਰਧਾਨ ਜੇ ਪੀ ਨੱਡਾ ਨੇ ਪੱਛਮੀ ਬੰਗਾਲ ਦੇ ਲੋਕਾਂ ਨੂੰ ਸਿਆਸੀ ਹਿੰਸਾ ਤੋਂ ਬਚਾਉਣ ਅਤੇ ਜਮਹੂਰੀਅਤ ਦੀ ਰਾਖੀ ਦਾ ਅਹਿਦ ਲਿਆ। ਭਗਵਾਂ ਪਾਰਟੀ ਨੇ ਦਾਅਵਾ ਕੀਤਾ ਹੈ ਕਿ ਚੋਣਾਂ ਤੋਂ ਬਾਅਦ ਟੀਐੱਮਸੀ ਦੇ ਵਰਕਰਾਂ ਵੱਲੋਂ ਕੀਤੇ ਗਏ ਹਮਲਿਆਂ ’ਚ ਇਕ ਮਹਿਲਾ ਸਮੇਤ ਭਾਜਪਾ ਦੇ ਛੇ ਵਰਕਰ ਮਾਰੇ ਗਏ ਹਨ। ਹਿੰਸਾ ਦੇ ਰੋਸ ਵਜੋਂ ਮੰਗਲਵਾਰ ਨੂੰ ਇਥੇ ਧਰਨਾ ਦੇਣ ਵਾਲੇ ਸ੍ਰੀ ਨੱਡਾ ਨੇ ਕਿਹਾ ਕਿ ਭਾਜਪਾ ਇਹ ਯਕੀਨੀ ਬਣਾਏਗੀ ਕਿ ਬੰਗਾਲ ’ਚ ਚੋਣਾਂ ਤੋਂ ਬਾਅਦ ਹੋਈ ਹਿੰਸਾ ਦਾ ਪੂਰੇ ਮੁਲਕ ਨੂੰ ਪਤਾ ਲੱਗ ਸਕੇ। ਭਾਜਪਾ ਦੇ ਹੇਸਟਿੰਗਜ਼ ਦਫ਼ਤਰ ’ਚ ਕਰਵਾਏ ਪ੍ਰੋਗਰਾਮ ਦੌਰਾਨ ਉਨ੍ਹਾਂ ਦਾਅਵਾ ਕੀਤਾ ਕਿ ਲੋਕਾਂ ਦੀ ਸੁਰੱਖਿਆ ਲਈ ਤਾਇਨਾਤ ਅਧਿਕਾਰੀ ਆਪਣੀ ਡਿਊਟੀ ਸਹੀ ਢੰਗ ਨਾਲ ਨਹੀਂ ਨਿਭਾ ਰਹੇ ਹਨ। ‘ਵੰਡ ਸਮੇਂ ਹੋਈ ਹਿੰਸਾ ਮੁੜ ਬੰਗਾਲ ’ਚ ਪਰਤ ਆਈ ਹੈ। ਅਸੀਂ ਲੋਕਾਂ ਦੀ ਸੇਵਾ ਕਰਨਾ ਜਾਰੀ ਰੱਖਾਂਗੇ ਅਤੇ ਮੋਦੀ ਜੀ ਵੱਲੋਂ ਸੂਬੇ ਲਈ ਦੇਖੇ ਗਏ ਸੁਪਨੇ ਨੂੰ ਪੂਰਾ ਕਰਨ ਲਈ ਕਦਮ ਅੱਗੇ ਵਧਾਵਾਂਗੇ।’ ਜਮਹੂਰੀਅਤ ਅਤੇ ਬੰਗਾਲ ਦੇ ਲੋਕਾਂ ਨੂੰ ਬਚਾਉਣ ਦੀ ਸਹੁੰ ਭਾਜਪਾ ਦੇ ਸੂਬਾ ਪ੍ਰਧਾਨ ਦਿਲੀਪ ਘੋਸ਼ ਨੇ ਚੁਕਾਈ। ਬਾਅਦ ’ਚ ਨੱਡਾ ਨੇ ਉੱਤਰੀ 24 ਪਰਗਨਾ ਜ਼ਿਲ੍ਹੇ ਦੇ ਜਗਦਾਲ ਦਾ ਦੌਰਾ ਕਰਕੇ ਭਾਜਪਾ ਵਰਕਰ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ ਜਿਨ੍ਹਾਂ ਦੀ ਮਾਤਾ ਦੀ 2 ਮਈ ਨੂੰ ਹੋਏ ਹਮਲੇ ਦੌਰਾਨ ਮੌਤ ਹੋ ਗਈ ਸੀ। -ਪੀਟੀਆਈ
ਹਿੰਸਾ ’ਚ ਭਾਜਪਾ ਦੇ 14 ਵਰਕਰ ਹਲਾਕ ਹੋਣ ਦਾ ਦਾਅਵਾ
ਭਾਜਪਾ ਨੇ ਦਾਅਵਾ ਕੀਤਾ ਕਿ ਪੱਛਮੀ ਬੰਗਾਲ ’ਚ ਚੋਣਾਂ ਤੋਂ ਬਾਅਦ ਹੋਈ ਹਿੰਸਾ ਦੌਰਾਨ ਉਨ੍ਹਾਂ ਦੀ ਪਾਰਟੀ ਦੇ 14 ਵਰਕਰ ਮਾਰੇ ਗਏ ਹਨ ਅਤੇ ਇਕ ਲੱਖ ਦੇ ਕਰੀਬ ਲੋਕਾਂ ਨੂੰ ਡਰ ਦੇ ਮਾਰੇ ਘਰ-ਬਾਰ ਛੱਡ ਕੇ ਭੱਜਣਾ ਪਿਆ ਹੈ। ਭਾਜਪਾ ਪ੍ਰਧਾਨ ਜੇ ਪੀ ਨੱਡਾ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਹਿੰਸਾ ’ਤੇ ਖਾਮੋਸ਼ੀ ਦਰਸਾਉਂਦੀ ਹੈ ਕਿ ਉਨ੍ਹਾਂ ਦੀ ਪਾਰਟੀ ਇਸ ’ਚ ਸ਼ਾਮਲ ਹੈ। ਕੋਲਕਾਤਾ ’ਚ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਕਿਹਾ ਕਿ ਲੋਕ ਜਾਨ ਬਚਾਉਣ ਲਈ ਗੁਆਂਢੀ ਸੂਬੇ ਅਸਾਮ ਚਲੇ ਗਏ ਹਨ। ਪੱਛਮੀ ਬੰਗਾਲ ’ਚ ਧਾਰਾ 356 ਲਾਉਣ ਸਬੰਧੀ ਭਾਜਪਾ ਵੱਲੋਂ ਮੰਗ ਕੀਤੇ ਜਾਣ ਬਾਰੇ ਉਨ੍ਹਾਂ ਕਿਹਾ ਕਿ ਰਾਜਪਾਲ ਦੀ ਰਿਪੋਰਟ ’ਤੇ ਰਾਸ਼ਟਰਪਤੀ ਰਾਜ ਲਾਉਣ ਦਾ ਫ਼ੈਸਲਾ ਕੇਂਦਰ ਨੇ ਲੈਣਾ ਹੈ ਪਰ ਅਸੀਂ ਲੋਕਤੰਤਰੀ ਢੰਗ ਨਾਲ ਆਪਣੀ ਜੰਗ ਜਾਰੀ ਰੱਖਾਂਗੇ। -ਪੀਟੀਆਈ