ਪੱਤਰ ਪ੍ਰੇਰਕ
ਮਾਨਸਾ, 25 ਅਕਤੂਬਰ
ਜੰਗਲਾਤ ਵਿਭਾਗ ਫੀਲਡ ਵਰਕਰ ਯੂਨੀਅਨ (ਸੀਟੂ) ਜ਼ਿਲ੍ਹਾ ਮਾਨਸਾ ਦੀ ਜਥੇਬੰਦਕ ਕਾਨਫਰੰਸ ਚਾਰ ਮੈਂਬਰੀ ਪ੍ਰਧਾਨਗੀ ਮੰਡਲ ਕ੍ਰਮਵਾਰ ਗੁਰਜਿੰਦਰ ਸਿੰਘ ਜੋਗਾ, ਬਚਿੱਤਰ ਰੱਲਾ, ਜਗਤਾਰ ਸਿੰਘ ਬੋਹਾ ਤੇ ਗੁਰਜੰਟ ਕੋਟਧਰਮੂ ਦੀ ਪ੍ਰਧਾਨਗੀ ਹੇਠ ਸਥਾਨਕ ਬਾਬਾ ਗੱਜਣ ਸਿੰਘ ਟਾਡੀਆਂ ਭਵਨ ਵਿੱਚ ਹੋਈ। ਕਾਨਫਰੰਸ ਦੀ ਸ਼ੁਰੂਆਤ ਵਿੱਚ ਵਿਛੜੇ ਸਾਥੀਆਂ ਦੀ ਯਾਦ ’ਚ ਸੋਕ ਮਤਾ ਪਾਸ ਕਰ ਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਕਾਨਫਰੰਸ ਦਾ ਉਦਘਾਟਨ ਕਰਦਿਆਂ ਸੈਂਟਰ ਆਫ ਇੰਡੀਅਨ ਟਰੇਡ ਯੂਨੀਅਨ (ਸੀਟੂ) ਦੇ ਸੂਬਾ ਸਕੱਤਰ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਕੀਤੇ ਆਪਣੇ ਵਾਅਦੇ ਮੁਤਾਬਕ ਪੰਜਾਬ ਸਰਕਾਰ ਵਣ ਕਾਮਿਆਂ ਨੂੰ ਪੱਕਾ ਕਰੇ ਤਾਂ ਕਿ ਪਿਛਲੇ ਵੀਹ ਸਾਲਾਂ ਤੋਂ ਕੰਗਾਲੀ ਦਾ ਜੀਵਨ ਬਸਰ ਕਰ ਰਹੇ ਵਣ ਕਾਮਿਆਂ ਨੂੰ ਰਾਹਤ ਮਿਲ ਸਕੇ। ਇਸ ਮੌਕੇ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਨਿਰਮਲ ਸਿੰਘ ਬੱਪੀਆਣਾ ਨੇ ਪਿਛਲੇ ਕੰਮਾਂ ਦੀ ਰਿਪੋਰਟ ਪੇਸ਼ ਕੀਤੀ, ਜਿਸ ਨੂੰ ਸਰਬਸੰਮਤੀ ਨਾਲ ਸਾਥੀਆਂ ਨੇ ਪਾਸ ਕਰ ਦਿੱਤਾ। ਇਸ ਮੌਕੇ ਭਰਾਤਰੀ ਸੰਦੇਸ਼ ਦਿੰਦਿਆਂ ਮੁਲਾਜ਼ਮ ਆਗੂ ਬਿੱਕਰ ਸਿੰਘ ਮਾਖਾ, ਬਾਰਾ ਸਿੰਘ ਸੱਦੇਵਾਲੀਆ, ਹਿੰਮਤ ਸਿੰਘ ਦੂਲੋਵਾਲ ਨੇ ਕਿਹਾ ਕਿ ਜੰਗਲਾਤ ਕਾਮਿਆਂ ਦੇ ਹਰ ਹੱਕੀ ਸੰਘਰਸ਼ ਵਿੱਚ ਉਹ ਵੱਧ-ਚੜ੍ਹਕੇ ਸ਼ਮੂਲੀਅਤ ਕਰਨਗੇ। ਇਸ ਮੌਕੇ ਜੰਗਲਾਤ ਵਿਭਾਗ ਫੀਲਡ ਵਰਕਰ ਯੂਨੀਅਨ (ਸੀਟੂ) ਜ਼ਿਲ੍ਹਾ ਮਾਨਸਾ ਦੀ 17 ਮੈਂਬਰੀ ਕਮੇਟੀ ਸਰਬਸੰਮਤੀ ਨਾਲ ਚੁਣੀ ਗਈ, ਜਿਸ ਵਿੱਚ ਕ੍ਰਮਵਾਰ ਅਨੁਸਾਰ ਕਾਲਾ ਖਾਂ ਭੰਮੇ ਨੂੰ ਪ੍ਰਧਾਨ, ਨਿਰਮਲ ਸਿੰਘ ਬੱਪੀਆਣਾ ਨੂੰ ਜ਼ਿਲ੍ਹਾ ਸਕੱਤਰ, ਗੁਰਜਿੰਦਰ ਸਿੰਘ ਜੋਗਾ ਵਿੱਤ ਸਕੱਤਰ, ਜਗਤਾਰ ਸਿੰਘ ਬੋਹਾ, ਗੁਰਜੰਟ ਕੋਟਧਰਮੂ, ਸੁਖਦੇਵ ਸਿੰਘ ਦਲੇਲ ਵਾਲਾ, ਬਚਿੱਤਰ ਸਿੰਘ ਰੱਲਾ ਆਦਿ ਮੀਤ ਪ੍ਰਧਾਨ, ਬਾਬੂ ਸਿੰਘ ਚੱਕ ਭਾਈਕੇ, ਪੱਪੂ ਬੁਰਜ ਰਾਠੀ, ਗਿਆਨ ਸਿੰਘ, ਮੱਖਣ ਸਿੰਘ ਰਾਮਾਨੰਦੀ ਆਦਿ ਸਹਾਇਕ ਸਕੱਤਰ ਤੇ ਰਾਜਾ ਸਿੰਘ ਦੂਲੋਵਾਲ, ਗੁਰਦੀਪ ਬੱਬੂ, ਬਲਦੇਵ ਦਾਸ, ਕੇਵਲ ਚਾਹਿਲਾਂਵਾਲੀ ਮੈਂਬਰ ਚੁਣੇ ਗਏ ਹਨ।