ਮੁੰਬਈ, 28 ਸਤੰਬਰ
ਮਹਾਰਾਸ਼ਟਰ ਦੇ ਟਰਾਂਸਪੋਰਟ ਮੰਤਰੀ ਅਨਿਲ ਪਰਬ ਸੂਬੇ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਖ਼ਿਲਾਫ਼ ਦਰਜ ਮਨੀ ਲੌਂਡਰਿੰਗ ਕੇਸ ਵਿੱਚ ਅੱਜ ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਅੱਗੇ ਪੇਸ਼ ਹੋਏ। ਜਾਂਚ ਏਜੰਸੀ ਨੇ ਮੰਤਰੀ ਕੋਲੋਂ ਅੱਠ ਘੰਟੇ ਦੇ ਕਰੀਬ ਪੁੱਛ ਪੜਤਾਲ ਕੀਤੀ। ਈਡੀ ਨੇ ਸ਼ਨਿੱਚਰਵਾਰ ਨੂੰ ਪਰਬ (65) ਨੂੰ ਦੂਜੀ ਵਾਰ ਸੰਮਨ ਭੇਜੇ ਸਨ। ਪਰਬ ਕੋਲ ਮੁੱਖ ਮੰਤਰੀ ਊਧਵ ਠਾਕਰੇ ਦੀ ਅਗਵਾਈ ਵਾਲੀ ਮਹਾ ਵਿਕਾਸ ਅਗਾੜੀ ਸਰਕਾਰ ਵਿੱਚ ਸੰਸਦੀ ਮਾਮਲਿਆਂ ਬਾਰੇ ਮੰਤਰਾਲੇ ਦਾ ਚਾਰਜ ਵੀ ਹੈ। ਅਧਿਕਾਰੀ ਨੇ ਕਿਹਾ ਕਿ ਪਰਬ ਨੂੰ ਈਡੀ ਦੇ ਦੱਖਣੀ ਮੁੰਬਈ ਵਿਚ ਬਲਾਰਡ ਅਸਟੇਟ ਇਲਾਕੇ ਵਿਚਲੇ ਦਫਤਰ ਸੱਦਿਆ ਗਿਆ ਸੀ। ਪਰਬ ਸਵੇਰੇ 11 ਵਜੇ ਈਡੀ ਦਫ਼ਤਰ ਪੁੱਜੇ ਤੇ ਇਸ ਮੌਕੇ ਦਫ਼ਤਰ ਦੇ ਬਾਹਰ ਵੱਡੀ ਗਿਣਤੀ ਪੁਲੀਸ ਅਮਲਾ ਤਾਇਨਾਤ ਸੀ। ਜਾਂਚ ਏਜੰਸੀ ਦੇ ਦਫ਼ਤਰ ਤੋਂ ਬਾਹਰ ਆਉਣ ਮੌਕੇ ਪਰਬ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਵੱਲੋਂ ਈਡੀ ਨੂੰ ਜਾਂਚ ਵਿੱਚ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ। ਮੰਤਰੀ ਨੇ ਕਿਹਾ, ‘‘ਮੈਂ ਅੱਜ ਈਡੀ ਅਧਿਕਾਰੀਆਂ ਅੱਗੇ ਪੇਸ਼ ਹੋਇਆ, ਹਾਲਾਂਕਿ ਮੈਨੂੰ ਅਜੇ ਵੀ ਨਹੀਂ ਪਤਾ ਕਿ ਮੈਨੂੰ ਕਿਸ ਲਈ ਸੱਦਿਆ ਗਿਆ ਹੈ। ਮੈਂ ਆਪਣੀਆਂ ਧੀਆਂ ਤੇ ਮਰਹੂਮ ਸ਼ਿਵ ਸੈਨਾ ਸੁਪਰੀਮੋ (ਬਾਲਾਸਾਹਿਬ ਠਾਕਰੇ) ਦੀ ਸਹੁੰ ਖਾਂਦਾ ਹਾਂ ਕਿ ਮੈਂ ਕੁਝ ਵੀ ਗ਼ਲਤ ਨਹੀਂ ਕੀਤਾ। -ਪੀਟੀਆਈ