ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 5 ਮਈ
ਗੁਰੂ ਤੇਗ਼ ਬਹਾਦਰ ਸਾਹਿਬ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮੁੱਚਾ ਵਿਸ਼ਵ ਮਨਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਇਨ੍ਹਾਂ ਸਮਾਗਮਾਂ ਦੀ ਇਕ ਵਿਸ਼ੇਸ਼ ਲੜੀ ਆਰੰਭੀ ਹੋਈ ਹੈ। ਇਸ ਲੜੀ ਅਧੀਨ ਅੱਜ ਵਾਈਸ ਚਾਂਸਲਰ ਪ੍ਰੋ. ਅਰਵਿੰਦ ਦੀ ਅਗਵਾਈ ਵਿੱਚ ਗੁਰਮਤਿ ਸੰਗੀਤ ਵਿਭਾਗ ਵੱਲੋਂ ਇਕ ਸੱਤ ਰੋਜ਼ਾ ਵਰਕਸ਼ਾਪ ਦਾ ਆਗਾਜ਼ ਕੀਤਾ ਗਿਆ ਹੈ। ਵਿਭਾਗ ਦੇ ਇੰਚਾਰਜ ਡਾ. ਕੰਵਲਜੀਤ ਸਿੰਘ ਨੇ ਦੱਸਿਆ ਕਿ ਇਸ ਸੱਤ ਰੋਜ਼ਾ ਵਰਕਸ਼ਾਪ ਵਿੱਚ ਗੁਰੂ ਤੇਗ਼ ਬਹਾਦਰ ਸਾਹਿਬ ਦੁਆਰਾ ਬਾਣੀ ਲਈ ਪ੍ਰਯੋਗ ਕੀਤੇ ਗਏ ਰਾਗਾਂ ਦੀ ਸਿਖਲਾਈ, ਨਿਰਧਾਰਿਤ ਰਾਗਾਂ ਵਿਚ ਸ਼ਬਦ ਰੀਤਾਂ ਅਤੇ ਤੰਤੀ ਸਾਜ਼ਾਂ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ ਜਾਵੇਗੀ। ਗੁਰੂ ਤੇਗ ਬਹਾਦਰ ਚੇਅਰ ਦੇ ਮੁਖੀ ਡਾ. ਦਲਜੀਤ ਸਿੰਘ ਮੁਖੀ ਗੁਰੂ ਤੇਗ਼ ਬਹਾਦਰ ਚੇਅਰ ਨੇ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਵੱਲੋਂ ਵਿਸ਼ਵ ਦੀ ਕਿਸੇ ਵੀ ਹੋਰ ਸੰਸਥਾ ਦੇ ਮੁਕਾਬਲੇ ਇਸ ਲੜੀ ਅਧੀਨ ਸਭ ਤੋਂ ਵੱਧ ਸਮਾਗਮ ਕੀਤੇ ਗਏ ਹਨ ਅਤੇ ਗਿਣਤੀ ਅਤੇ ਗੁਣਵੱਤਾ ਵਿੱਚ ਗੁਰਮਤਿ ਸੰਗੀਤ ਵਿਭਾਗ ਦਾ ਯੋਗਦਾਨ ਸਭ ਤੋਂ ਜ਼ਿਆਦਾ ਰਿਹਾ ਹੈ।
ਲੇਖ ਮੁਕਾਬਲਿਆਂ ’ਚ ਕਰਮਜੀਤ ਕੌਰ ਤੇ ਪਰਵਿੰਦਰ ਕੌਰ ਅੱਵਲ
ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਤਹਿਤ ਸਕੂਲ ਸਿੱਖਿਆ ਵਿਭਾਗ ਵੱਲੋਂ ਕਰਵਾਏ ਜਾਣ ਵਾਲੇ ਮੁਕਾਬਲਿਆਂ ਦੀ ਲੜੀ ’ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੇਹਰਾ ਦੇ ਪ੍ਰਿੰਸੀਪਲ ਭਰਪੂਰ ਸਿੰਘ ਲੌਟ ਦੀ ਅਗਵਾਈ ’ਚ ਆਨਲਾਈਨ ਲੇਖ ਮੁਕਾਬਲੇ ਕਰਵਾਏ ਗਏ। ਸ੍ਰੀ ਗੁਰੂ ਤੇਗ਼ ਬਹਾਦਰ ਦੀ ਸ਼ਖ਼ਸੀਅਤ, ਬਾਣੀ, ਫ਼ਿਲਾਸਫ਼ੀ, ਕੁਰਬਾਨੀ ਤੇ ਸਿੱਖਿਆਵਾਂ ’ਤੇ ਆਧਾਰਿਤ ਆਨਲਾਈਨ ਕਰਵਾਏ ਗਏ ਲੇਖ ਮੁਕਾਬਲਿਆਂ ’ਚ ਵੱਡੀ ਗਿਣਤੀ ਵਿਦਿਆਰਥੀਆਂ ਨੇ ਹਿੱਸਾ ਲਿਆ। ਸਕੂਲ ਦੀ ਅਧਿਆਪਕਾ ਬਲਜਿੰਦਰ ਕੌਰ ਨੇ ਦੱਸਿਆ ਕਿ ਲੇਖ ਮੁਕਾਬਲਿਆਂ ਤਹਿਤ ਮਿਡਲ ਵਰਗ ’ਚੋਂ ਕਰਮਜੀਤ ਕੌਰ ਪਹਿਲੇ, ਹੁਸਨਪ੍ਰੀਤ ਕੌਰ ਦੂਸਰੇ ਤੇ ਸਿਮਰਨਜੋਤ ਕੌਰ ਤੀਸਰੇ (ਸਾਰੀਆਂ ਹੀ ਅੱਠਵੀਂ ਜਮਾਤ) ਤੇ ਸੈਕੰਡਰੀ ਵਿੰਗ ’ਚੋਂ ਪਰਵਿੰਦਰ ਕੌਰ ਨੌਵੀਂ ਜਮਾਤ ਪਹਿਲੇ, ਸਿਮਰਨ ਕੌਰ ਨੌਵੀਂ ਜਮਾਤ ਦੂਸਰੇ ਤੇ ਜਸ਼ਨਪ੍ਰੀਤ ਸਿੰਘ ਗਿਆਰਵੀਂ ਜਮਾਤ ਤੀਸਰੇ ਸਥਾਨ ’ਤੇ ਰਿਹਾ।