ਆਤਿਸ਼ ਗੁਪਤਾ
ਚੰਡੀਗੜ੍ਹ, 12 ਜੁਲਾਈ
ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਤੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਬਾਅਦ ਦੁਪਹਿਰ ਦੱਖਣੀ-ਪੱਛਮੀ ਮੌਨਸੂਨ ਨੇ ਦਸਤਕ ਦੇ ਦਿੱਤੀ ਹੈ। ਬਾਅਦ ਦੁਪਹਿਰ ਪਏ ਮੀਂਹ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਮੌਸਮ ਵਿਭਾਗ ਅਨੁਸਾਰ ਅੱਜ 17.8 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ। ਭਾਰਤੀ ਮੌਸਮ ਵਿਭਾਗ ਨੇ 16 ਜੁਲਾਈ ਤੱਕ ਲਗਾਤਾਰ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਮੀਂਹ ਪੈਣ ਕਰਕੇ ਲੋਕਾਂ ਦੀ ਭੀੜ ਸੜਕਾਂ ’ਤੇ ਨਿਕਲ ਪਈ ਅਤੇ ਉਹ ਛੱਤਰੀਆਂ ਆਦਿ ਲੈ ਕੇ ਮੀਂਹ ਦਾ ਆਨੰਦ ਮਾਣਦੇ ਦਿਖਾਈ ਦਿੱਤੇ। ਸਿਟੀ ਬਿਊਟੀਫੁੱਲ ਵਿੱਚ ਸਵੇਰ ਤੋਂ ਬੱਦਲਵਾਈ ਕਰਕੇ ਮੌਸਮ ਵਧੀਆ ਬਣਿਆ ਹੋਇਆ ਸੀ। ਸ਼ਾਮ ਸਮੇਂ ਅਚਾਨਕ ਕਾਲੀ ਘਟਾ ਛਾ ਗਈ। ਇਸ ਮਗਰੋਂ ਪਏ ਮੀਂਹ ਨੇ ਮੌਸਮ ਖੁਸ਼ਗਵਾਰ ਬਣਾ ਦਿੱਤਾ। ਮੀਂਹ ਦਾ ਆਨੰਦ ਲੈਣ ਲਈ ਲੋਕ ਸੁਖਨਾ ਝੀਲ, ਸੈਕਟਰ-22 ਦੀ ਮਾਰਕਿਟ ਅਤੇ ਰੋਜ਼ ਗਾਰਡਨ ਵਿੱਚ ਘੁੰਮਦੇ ਦਿਖਾਈ ਦਿੱਤੇ। ਅੱਜ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 34.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਆਮ ਨਾਲੋਂ ਇਕ ਡਿਗਰੀ ਘੱਟ ਰਿਹਾ। ਇਸੇ ਤਰ੍ਹਾਂ ਘੱਟ ਤੋਂ ਘੱਟ ਤਾਪਮਾਨ 29.1 ਡਿਗਰੀ ਸੈਲਸੀਅਸ ਰਿਕਾਰਡ ਹੋਇਆ। ਮੌਸਮ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਉੱਤਰੀ ਭਾਰਤ ਵਿੱਚ ਦੱਖਣੀ-ਪੱਛਮੀ ਮੌਨਸੂਨ ਦੇ ਦਸਤਕ ਦੇਣ ਨਾਲ ਚੰਡੀਗੜ੍ਹ ਵਿੱਚ 16 ਜੁਲਾਈ ਤੱਕ ਰੁਕ-ਰੁਕ ਕੇ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੌਰਾਨ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਵੀ ਚੱਲ ਸਕਦੀਆਂ ਹਨ। ਸ਼ਹਿਰ ਦੀਆਂ ਰੋਡ ਗੱਲੀਆਂ ਦੀ ਸਫ਼ਾਈ ਨਾ ਹੋਣ ਕਾਰਨ ਸੜਕਾਂ ’ਤੇ ਪਾਣੀ ਖੜ੍ਹਾ ਹੋ ਗਿਆ ਜਿਸ ਕਾਰਨ ਆਵਾਜਾਈ ਅਤੇ ਵਾਹਨ ਚਾਲਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।
ਭਰਵੇਂ ਮੀਂਹ ਨਾਲ ਕਿਸਾਨਾਂ ਦੇ ਚਿਹਰੇ ਖਿੜੇ
ਬਨੂੜ (ਕਰਮਜੀਤ ਸਿੰਘ ਚਿੱਲਾ): ਲੰਮੀ ਔੜ ਦਾ ਸਾਹਮਣਾ ਕਰ ਰਹੇ ਅੰਨਦਾਤੇ ਨੂੰ ਅੱਜ ਸ਼ਾਮ ਪਏ ਭਰਵੇਂ ਮੀਂਹ ਨੇ ਰਾਹਤ ਦਿੱਤੀ ਹੈ। ਸਮੁੱਚੇ ਖੇਤਰ ਵਿੱਚ ਪਏ ਮੀਂਹ ਨਾਲ ਕਿਸਾਨਾਂ ਦੇ ਚਿਹਰੇ ਖਿੜ ਗਏ ਹਨ ਅਤੇ ਲੋਕਾਂ ਨੂੰ ਅਤਿ ਦੀ ਗਰਮੀ ਤੋਂ ਰਾਹਤ ਮਿਲੀ ਹੈ। ਕਿਸਾਨਾਂ ਨੇ ਕਿਹਾ ਕਿ ਖੇਤੀ ਲਈ ਮੀਂਹ ਦੀ ਬੇਹੱਦ ਲੋੜ ਸੀ ਅਤੇ ਹੁਣ ਝੋਨੇ ਦੀ ਲੁਆਈ ਦਾ ਰਹਿੰਦਾ ਕੰਮ ਪੂਰਾ ਹੋ ਜਾਵੇਗਾ। ਮੱਕੀ ਦੀ ਪਛੜ ਰਹੀ ਬਿਜਾਈ ਵੀ ਹੋ ਜਾਵੇਗੀ ਅਤੇ ਪਾਣੀ ਦੀ ਘਾਟ ਕਾਰਨ ਕਿਸਾਨਾਂ ਦੇ ਸੁੱਕ ਰਹੇ ਚਾਰੇ ਅਤੇ ਹੋਰ ਫ਼ਸਲਾਂ ਨੂੰ ਵੀ ਨਵਾਂ ਜੀਵਨ ਮਿਲੇਗਾ। ਕਿਸਾਨਾਂ ਵੱਲੋਂ ਕਈ ਪਿੰਡਾਂ ਵਿੱਚ ਇੰਦਰ ਦੇਵਤਾ ਨੂੰ ਖੁਸ਼ ਕਰਨ ਲਈ ਭੰਡਾਰੇ ਵੀ ਕੀਤੇ ਗਏ ਸਨ। ਤਾਜ਼ਾ ਮੀਂਹ ਨਾਲ ਘਰੇਲੂ ਬਿਜਲੀ ਕੱਟਾਂ ਦਾ ਲਗਾਤਾਰ ਸਾਹਮਣਾ ਕਰ ਰਹੇ ਲੋਕਾਂ ਨੂੰ ਵੀ ਕੁਝ ਰਾਹਤ ਮਿਲਣ ਦੀ ਆਸ ਬੱਝੀ ਹੈ। ਖੇਤੀਬਾੜੀ ਵਿਭਾਗ ਬਲਾਕ ਰਾਜਪੁਰਾ ਦੇ ਖੇਤੀਬਾੜੀ ਅਫ਼ਸਰ ਡਾ. ਗੁਰਮੇਲ ਸਿੰਘ ਨੇ ਤਾਜ਼ਾ ਮੀਂਹ ਨੂੰ ਕਿਸਾਨੀ ਲਈ ਬੇਹੱਦ ਲਾਹੇਵੰਦ ਦੱਸਿਆ ਹੈ। ਉਨ੍ਹਾਂ ਕਿਹਾ ਕਿ ਗਰਮੀ ਕਾਰਨ ਝੋਨੇ ਦੀ ਫ਼ਸਲ ਵਿੱਚ ਪਾਣੀ ਪੂਰਾ ਨਹੀਂ ਹੋ ਰਿਹਾ ਸੀ, ਜਿਸ ਕਾਰਨ ਨਦੀਨ ਜ਼ਿਆਦਾ ਹੋ ਰਿਹਾ ਸੀ। ਉਨ੍ਹਾਂ ਕਿਸਾਨਾਂ ਨੂੰ ਝੋਨੇ ਅਤੇ ਹੋਰ ਫ਼ਸਲਾਂ ਵਿੱਚ ਨਦੀਨ ਨਾਸ਼ਕ ਦਵਾਈਆਂ ਅਤੇ ਖਾਦਾਂ ਦੀ ਵਰਤੋਂ ਵਿਭਾਗ ਦੀ ਸਲਾਹ ਅਨੁਸਾਰ ਕਰਨ ਦੀ ਅਪੀਲ ਕੀਤੀ।