ਪੱਤਰ ਪ੍ਰੇਰਕ
ਨਵੀਂ ਦਿੱਲੀ, 5 ਮਈ
ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਆਰ-ਪਾਰ ਦੀ ਲੜਾਈ ਲਈ ਕਿਸਾਨ ਜਲਦੀ ਹੀ ਮੋਰਚਿਆਂ ’ਤੇ ਪਰਤ ਆਉਣਗੇ। ਉਨ੍ਹਾਂ ਕਿਹਾ ਕਿ ਪਿਛਲੇ 5 ਮਹੀਨਿਆਂ ਤੋਂ ਲਗਤਾਰ ਦਿੱਲੀ ਦੀਆਂ ਬਰੂਹਾਂ ’ਤੇ ਡਟੇ ਕਿਸਾਨਾਂ ਕੋਲ ਕਣਕ ਦੀ ਫ਼ਸਲ ਦੀ ਸਾਂਭ-ਸੰਭਾਲ ਤੋਂ ਬਾਅਦ ਆਉਣ ਵਾਲੇ ਅਗਲੇ 6 ਮਹੀਨਿਆਂ ਦਾ ਰਾਸ਼ਨ ਪਹੁੰਚਣਾ ਸ਼ੁਰੂ ਹੋ ਗਿਆ ਹੈ। ਇਥੇ ਟਿਕਰੀ ਹੱਦ ’ਤੇ ਛਿਮਾਹੀ ਫੰਡਾਂ ਸਬੰਧੀ ਜਾਣਕਾਰੀ ਦਿੰਦਿਆਂ ਉਗਰਾਹਾਂ ਨੇ ਕਿਹਾ ਕਿ ਇਸ ਵਾਰ ਹਜ਼ਾਰਾਂ ਨਹੀਂ ਲੱਖਾਂ ਰੁਪਏ ਦੇ ਫੰਡ ਇਕੱਠੇ ਹੋ ਰਹੇ ਹਨ। ਕਹਾਣੀ ਇੱਥੋਂ ਤੱਕ ਪਹੁੰਚ ਗਈ ਹੈ ਕਿ ਕਿਸਾਨ ਵੱਡੀ ਮਾਤਰਾ ਵਿੱਚ ਫੰਡ ਦੇ ਕੇ ਰਸੀਦਾਂ ਵੱਟਸਐਪ ਗਰੁੱਪਾਂ ਵਿੱਚ ਆਪ ਮੁਹਾਰੇ ਪਾ ਰਹੇ ਹਨ ਤੇ ਪੰਜਾਬ ਅੰਦਰ ਵੱਡੀ ਪੱਧਰ ’ਤੇ ਪਿੰਡੋਂ ਪਿੰਡੀ ਦਿੱਲੀ ਆਉਣ ਲਈ ਤਿਆਰੀਆਂ ਚੱਲ ਰਹੀਆਂ ਹਨ। ਆਉਣ ਵਾਲੇ ਦਿਨਾਂ ’ਚ ਮੁੜ ਦਿੱਲੀ ਮੋਰਚੇ ਵਿੱਚ ਵੱਡੀ ਗਿਣਤੀ ਕਿਸਾਨ, ਮਜ਼ਦੂਰ ਅਤੇ ਛੋਟੇ ਕਾਰੋਬਾਰੀ ਪਹੁੰਚਣਗੇ।
ਸ੍ਰੀ ਉਗਰਾਹਾਂ ਨੇ ਦੱਸਿਆ ਕਿ ਕਿਸੇ ਵੀ ਧਰਨੇ ਅੰਦਰ ਸਰਕਾਰ ਵੱਲੋਂ ਨਾ ਦਵਾਈ, ਨਾ ਸਿਹਤ ਸਹੂਲਤ ਅਤੇ ਨਾ ਹੀ ਕਿਸੇ ਸੈਮੀਨਾਰ ਦਾ ਪ੍ਰਬੰਧ ਕੀਤਾ ਗਿਆ, ਸਿਰਫ਼ ਉੱਤੋਂ ਉੱਤੋਂ ਕਰੋਨਾ ਦਾ ਰੌਲਾ ਪਾਇਆ ਜਾ ਰਿਹਾ ਹੈ।
ਨੌਜਵਾਨ ਆਗੂ ਦੀਨਾ ਸਿੰਘ ਸਿਵੀਆ ਨੇ ਕਿਹਾ ਕਿ ਮੁਕੇਸ਼ ਅੰਬਾਨੀ ਦੀ ਕਮਾਈ ਵਧ ਕੇ ਪ੍ਰਤੀ ਘੰਟਾ ਨੱਬੇ ਕਰੋੜ ਹੋ ਗਈ ਹੈ ਜਦੋਂਕਿ ਕਿਸਾਨਾਂ, ਮਜ਼ਦੂਰਾਂ ਅਤੇ ਛੋਟੇ ਕਾਰੋਬਾਰੀਆਂ ਦਾ ਰੁਜ਼ਗਾਰ ਖ਼ਤਮ ਹੋ ਰਿਹਾ ਹੈ। ਕਾਰਪੋਰੇਟ ਘਰਾਣੇ ਕਿਸਾਨਾਂ, ਮਜ਼ਦੂਰਾਂ ਦਾ ਖ਼ੂਨ ਚੂਸਦੇ ਹਨ ਜਿਸ ਕਰਕੇ ਦਿਨੋਂ ਦਿਨ ਆਰਥਿਕ ਪਾੜਾ ਵਧ ਰਿਹਾ ਹੈ। ਜ਼ਿਲ੍ਹਾ ਲੁਧਿਆਣਾ ਦੇ ਨੌਜਵਾਨ ਆਗੂ ਗੁਰਪ੍ਰੀਤ ਸਿੰਘ ਨੂਰਪੁਰਾ ਨੇ ਕਿਹਾ ਕਿ ਪਿਛਲੇ ਦਿਨੀਂ ਹੋਈਆਂ ਚੋਣਾਂ ਦੇ ਨਤੀਜੇ ਦੱਸਦੇ ਹਨ ਕਿ ਭਾਜਪਾ ਦਿਨੋਂ-ਦਿਨ ਆਪਣੇ ਪਤਨ ਵੱਲ ਵਧ ਰਹੀ ਹੈ। ਲਿਹਾਜ਼ਾ ਇਸ ਘੋਲ ਅੰਦਰ ਕਿਸਾਨਾਂ ਦੀਆਂ ਹੋਈਆਂ ਸ਼ਹੀਦੀਆਂ ਅਜਾਈਂ ਨਹੀਂ ਜਾਣਗੀਆਂ। ਸਰਕਾਰ ਨੂੰ ਕਾਨੂੰਨ ਰੱਦ ਕਰਨੇ ਹੀ ਪੈਣਗੇ। ਬਠਿੰਡਾ ਦੇ ਨੌਜਵਾਨ ਆਗੂ ਰਾਜਵਿੰਦਰ ਸਿੰਘ ਰਾਜੂ ਨੇ ਕਿਹਾ ਕਿ ਮੋਦੀ ਹਕੂਮਤ ਨੇ ਸੱਤਾ ’ਚ ਆਉਣ ਤੋਂ ਪਹਿਲਾਂ ਲੋਕਾਂ ਨੂੰ ਕਿਹਾ ਸੀ ਕਿ ‘ਹੁਣ ਅੱਛੇ ਦਿਨ ਆਉਣਗੇ’, ਅੱਛੇ ਦਿਨ ਤਾਂ ਨਹੀਂ ਆਏ, ਪਰ ਦਿੱਲੀ ਦੀਆਂ ਤਪਦੀਆਂ ਹੱਦਾਂ ’ਤੇ ਮੱਖੀਆਂ ਵਰਗੇ ਮੱਛਰਾਂ ਤੋਂ ਖੂਨ ਚੁਸਾਉਣ ਦੇ ਦਿਨ ਜ਼ਰੂਰ ਆ ਗਏ ਹਨ। ਉਪਰੋਕਤ ਬੁਲਾਰਿਆਂ ਤੋਂ ਇਲਾਵਾ ਹਰਬੰਸ ਸਿੰਘ, ਬਹਾਦਰ ਸਿੰਘ, ਕੁਲਦੀਪ ਸਿੰਘ ਅਤੇ ਗੁਰਦੇਵ ਸਿੰਘ ਨੇ ਵੀ ਸਟੇਜ ਤੋਂ ਸੰਬੋਧਨ ਕੀਤਾ।