ਲਖਨਊ, 23 ਦਸੰਬਰ
ਸਮਾਜਵਾਦੀ ਪਾਰਟੀ (ਸਪਾ) ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਆਪਣੇ ਪਰਿਵਾਰ ਦੇ ਕੁਝ ਮੈਂਬਰਾਂ ਦੇ ਕਰੋਨਾ ਪਾਜ਼ੇਟਿਵ ਆਉਣ ਕਾਰਨ ਇਹਤਿਆਤ ਵਜੋਂ ਅਗਲੇ ਤਿੰਨ ਦਿਨਾਂ ਲਈ ਖੁਦ ਨੂੰ ਜਨਤਕ ਪ੍ਰੋਗਰਾਮਾਂ ਤੋਂ ਵੱਖ ਰੱਖਣ ਦਾ ਫ਼ੈਸਲਾ ਕੀਤਾ ਹੈ।
ਉਨ੍ਹਾਂ ਇੱਕ ਟਵੀਟ ’ਚ ਇਸ ਦਾ ਜ਼ਿਕਰ ਕਰਦਿਆਂ ਕਿਹਾ ਕਿ ਅੱਜ ਇਗਲਾਸ ਵਿੱਚ ਹੋਣ ਵਾਲੀ ‘ਸਪਾ-ਰਾਸ਼ਟਰੀ ਲੋਕ ਦਲ’ ਦੀ ਸਾਂਝੀ ਰੈਲੀ ਦੀ ਕਾਮਯਾਬੀ ਲਈ ਸ਼ੁਭ ਕਾਮਨਾਵਾਂ ਤੇ ਸਾਰੇ ਕਾਰਕੁਨਾਂ ਨੂੰ ਪੂਰੇ ਉਤਸ਼ਾਹ ਨਾਲ ਸਰਗਰਮ ਰਹਿਣ ਦੀ ਅਪੀਲ। ਉਨ੍ਹਾਂ ਕਿਹਾ ਪਰਿਵਾਰ ਦੇ ਮੈਂਬਰਾਂ ਦੇ ਕਰੋਨਾ ਪੀੜਤ ਹੋਣ ਕਾਰਨ ਉਹ ਤਿੰਨ ਦਿਨ ਤੱਕ ਜਨਤਕ ਪ੍ਰੋਗਰਾਮਾਂ ’ਚ ਸ਼ਾਮਲ ਨਹੀਂ ਹੋ ਸਕਣਗੇ। ਉਨ੍ਹਾਂ ਨਾਲ ਹੀ ਆਪਣਾ ਨੈਗੇਟਿਵ ਆਰਟੀ-ਪੀਸੀਆਰ ਟੈਸਟ ਸਰਟੀਫਿਕੇਟ ਵੀ ਸਾਂਝਾ ਕੀਤਾ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਅਖਿਲੇਸ਼ ਦੀ ਪਤਨੀ ਤੇ ਸਾਬਕਾ ਸੰਸਦ ਮੈਂਬਰ ਡਿੰਪਲ ਯਾਦਵ ਨੇ ਖੁਦ ਦੇ ਕਰੋਨਾ-19 ਪੀੜਤ ਹੋਣ ਦੀ ਪੁਸ਼ਟੀ ਕੀਤੀ ਸੀ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਅਖਿਲੇਸ਼ ਨੂੰ ਫੋਨ ਕਰਕੇ ਉਨ੍ਹਾਂ ਦੀ ਪਤਨੀ ਤੇ ਧੀ ਦਾ ਹਾਲ-ਚਾਲ ਪੁੱਛਿਆ ਸੀ। ਸਮਾਜਵਾਦੀ ਪਾਰਟੀ ਨੇ ਹਾਲਾਂਕਿ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਕਿ ਅਖਿਲੇਸ਼ ਦੀ ਧੀ ਨੂੰ ਵੀ ਕਰੋਨਾਵਾਇਰਸ ਹੋਇਆ ਹੈ। -ਪੀਟੀਆਈ