ਚੰਡੀਗੜ੍ਹ: ਪੰਜਾਬ ਸਾਹਿਤ ਅਕਾਦਮੀ ਨੇ ਆਪਣੇ ਸਾਹਿਤਕ ਕਾਰਜਾਂ ਨੂੰ ਪੰਜਾਬ ਭਰ ਵਿੱਚ ਲੈ ਕੇ ਜਾਣ ਲਈ ਵੱਖ-ਵੱਖ ਇਲਾਕਿਆਂ ਤੋਂ ਉੱਘੇ ਸਾਹਿਤਕਾਰਾਂ ਨੂੰ ਐਸੋਸੀਏਟ ਮੈਂਬਰ ਵਜੋਂ ਲਿਆ ਹੈ। ਇੱਥੇ ਕਲਾ ਭਵਨ ਵਿੱਚ ਹੋਈ ਮੀਟਿੰਗ ਦੌਰਾਨ ਅਕਾਦਮੀ ਪ੍ਰਧਾਨ ਡਾ. ਸਰਬਜੀਤ ਕੌਰ ਸੋਹਲ ਅਤੇ ਉੱਪ ਪ੍ਰਧਾਨ ਦੇਸ ਰਾਜ ਕਾਲੀ ਨੇ ਖਰੜ ਇਲਾਕੇ ’ਚੋਂ ਪੰਜਾਬੀ ਕਵੀ ਤੇ ਸਮਾਜ ਸੇਵੀ ਸੁਰਜੀਤ ਸੁਮਨ ਨੂੰ ਮੈਂਬਰ ਬਣਾਏ ਜਾਣ ਦਾ ਪੱਤਰ ਸੌਂਪਿਆ। ਡਾ. ਸਰਬਜੀਤ ਕੌਰ ਸੋਹਲ ਨੇ ਦੱਸਿਆ ਕਿ ਸੁਰਜੀਤ ਸੁਮਨ ਦੇ ਹੁਣ ਤੱਕ ਦੋ ਕਾਵਿ-ਸੰਗ੍ਰਹਿ ਛਪ ਚੁਕੇ ਹਨ। ਦੇਸ ਰਾਜ ਕਾਲੀ ਨੇ ਕਿਹਾ ਕਿ ਸੁਰਜੀਤ ਸੁਮਨ ਦੀ ਕਵਿਤਾ ’ਚ ਲਿੱਸੀ ਧਿਰ ਦਾ ਦਰਦ ਤੇ ਹਾਵੀ ਧਿਰ ਨਾਲ ਸੰਵਾਦ ਵੀ ਸ਼ਾਮਲ ਹੈ। -ਸਾਹਿਤ ਪ੍ਰਤੀਨਿਧ