ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 10 ਅਗਸਤ
ਪਟਿਆਲਾ ਸ਼ਹਿਰ ਸ਼ਾਹੀ ਸਿਟੀ ਕਹਾਉਣ ਤੋਂ ਬਾਅਦ ਮੁੱਖ ਮੰਤਰੀ ਦੇ ਸ਼ਹਿਰ ਵਜੋਂ ਵੱਜਣ ਮਗਰੋਂ ਹੁਣ ਧਰਨਿਆਂ ਦੇ ਸ਼ਹਿਰ ਵਜੋਂ ਵੀ ਸੱਦਿਆ ਜਾਣ ਜਾਣਿਆ ਜਾਣ ਲੱਗਿਆ ਹੈ। ਸਰਕਾਰ ਖ਼ਿਲਾਫ਼ ਰੋਜ਼ ਇੱਥੇ ਧਰਨਿਆਂ ’ਤੇ ਮੁਜ਼ਾਹਰਿਆਂ ਦੀ ਗੂੰਜ ਪੈ ਰਹੀ ਹੈ। ਕੌਮਾਂਤਰੀ ਪੱਧਰੀ ਸੋਸ਼ਲ ਸਾਈਟ ਨੇ ਜਿੱਥੇ ਸ਼ਹਿਰ ਦੇ ਵਾਈਪੀਐਸ ਚੌਕ ਨੂੰ ਡਾਂਗਾ ਵਾਲਾ ਚੌਂਕ ਕਰਾਰ ਦਿੱਤਾ ਹੈ, ਉੱਥੇ ਹੀ ਹੁਣ ਇਸ ਸ਼ਹਿਰ ਦਾ ਲੋਕਲ ਬੱਸ ਅੱਡਾ ਜਿਹੜਾ ਕਿ ਗੁਰਦੁਆਰਾ ਸ਼੍ਰੀ ਦੂਖ ਨਿਵਾਰਨ ਸਾਹਿਬ ਕੋਲ ਪੈਂਦਾ ਹੈ, ਇਨ੍ਹੀ ਦਿਨੀਂ ‘ਧਰਨਾ ਸਟੈਂਡ’ ਵਜੋਂ ਦੇਖਿਆ ਜਾਣ ਲੱਗਿਆ ਹੈ।
ਦੱਸਣਯੋਗ ਹੈ ਕਿ ਵੱਖ-ਵੱਖ ਮੁਲਾਜ਼ਮ ਤੇ ਬੇਰੁਜ਼ਗਾਰ ਜਥੇਬੰਦੀਆਂ ਨੇ ਆਪਣੀਆਂ ਮੰਗਾਂ ਦੇ ਹੱਕ ’ਚ ਮੁੱਖ ਮੰਤਰੀ ਦੇ ਸ਼ਹਿਰ ਵਿਚ ਲਗਾਏ ਪੱਕੇ ਧਰਨੇ ਵਜੋਂ ਲੋਕਲ ਬੱਸ ਅੱਡੇ ਨੂੰ ਵਰਤੋਂ ’ਚ ਲਿਆ ਜਾ ਰਿਹਾ ਹੈ। ਪਿਛਲੇ ਕਈ ਹਫ਼ਤਿਆਂ ਤੋਂ ਇਸ ਬੱਸ ਅੱਡੇ ’ਚ ਬੱਸਾਂ ਨਹੀਂ ਜਾ ਰਹੀਆਂ। ਸਵਾਰੀਆਂ ਨੂੰ ਵੀ ਇਸ ਬੱਸ ਅੱਡੇ ਦੇ ਬਾਹਰਵਾਰ ਬੱਸਾਂ ਦੀ ਉਡੀਕ ਲਈ ਖੜਣਾ ਪੈ ਰਿਹਾ ਹੈ।
ਦੱਸਿਆ ਜਾ ਰਿਹਾ ਹੈ ਕਿ ਬੱਸ ਅੱਡੇ ਨੂੰ ਖਾਲੀ ਕਰਵਾਉਣ ਲਈ ਪ੍ਰਸ਼ਾਸਨ ਨੇ ਕਦੇ ਕੋਈ ਕਵਾਇਦ ਨਹੀਂ ਆਰੰਭੀ। ਕੰਡਕਟਰਾਂ ਦੀ ਸੀਟੀਆਂ ਦੀ ਥਾਂ ਇਥੇ ਹੁਣ ਜੈਕਾਰੇ ਤੇ ਨਾਅਰੇ ਹੀ ਗੂੰਜਦੇ ਸੁਣੇ ਜਾ ਸਕਦੇ ਹਨ। ਇਸ ਬੱਸ ਅੱਡੇ ‘ਚ 2364 ਈਟੀਟੀ ਸਿਲੈਕਟਡ ਅਧਿਆਪਕ ਯੂਨੀਅਨ ਵੱਲੋਂ ਪਿਛਲੇ 33 ਦਿਨਾਂ ਤੋਂ ਪੱਕਾ ਧਰਨਾ ਵਿੱਢਿਆ ਹੋਇਆ ਹੈ।