ਗੁਰਦੀਪ ਸਿੰਘ ਲਾਲੀ
ਸੰਗਰੂਰ, 25 ਅਕਤੂਬਰ
ਇਥੇ ਗੁਰੂ ਨਾਨਕ ਸਰਾਂ ਦੀ ਇਮਾਰਤ ਨੂੰ ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ ਤੋਂ ਖਾਲੀ ਕਰਾਉਣ ਲਈ ਦੋ ਸਮਾਜ ਸੇਵੀ ਜਥੇਬੰਦੀਆਂ ਦੇ ਆਗੂਆਂ ਵੱਲੋਂ ਕੀਤੀ ਗਈ ਭੁੱਖ ਹੜਤਾਲ ਤੇ ਮਰਨ ਵਰਤ ਪੰਜਵੇਂ ਦਿਨ ਵੀ ਜਾਰੀ ਰਿਹਾ। ਜ਼ਿਕਰਯੋਗ ਹੈ ਕਿ ਲੋਕ ਭਲਾਈ ਸੰਘਰਸ਼ ਕਮੇਟੀ ਦੇ ਪ੍ਰਧਾਨ ਗੁਰਨਾਮ ਸਿੰਘ ਭਿੰਡਰ ਮਰਨ ਵਰਤ ਅਤੇ ਨੋਬਲ ਹੈਲਪਿੰਗ ਹੈਂਡਸ ਫਾਊਂਡੇਸ਼ਨ ਦੇ ਪ੍ਰਧਾਨ ਸਤਿੰਦਰ ਸੈਣੀ ਭੁੱਖ ਹੜਤਾਲ ’ਤੇ ਬੈਠੇ ਹਨ।
ਦੀਵਾਲੀ ਵਾਲੀ ਰਾਤ ਨੂੰ ਇਨ੍ਹਾਂ ਦੋਹਾਂ ਪਤਵੰਤਿਆਂ ਨੇ ਆਪਣੇ ਸਾਥੀਆਂ ਸਮੇਤ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਅੱਗੇ ਜਾ ਕੇ ਮੋਮਬੱਤੀਆਂ ਜਗਾਈਆਂ ਤੇ ਆਪਣੀ ਮੰਗ ਯਾਦ ਕਰਾਉਣ ਦੀ ਕੋਸ਼ਿਸ਼ ਕੀਤੀ। ਅੱਜ ਪੰਜਵੇ ਦਿਨ ਜਿਥੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂਆਂ ਨੇ ਸੰਘਰਸ਼ ਦੀ ਹਮਾਇਤ ਕੀਤੀ।
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸਜੂਮਾਂ, ਪੀਏਸੀ ਦੇ ਮੈਂਬਰ ਬਹਾਦਰ ਸਿੰਘ ਭਸੌੜ ਅਤੇ ਸ਼ਹਿਰੀ ਪ੍ਰਧਾਨ ਸੁਖਵਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਸਥਾਨਕ ਸਿਵਲ ਹਸਪਤਾਲ ਵਿੱਚ ਵੀ ਨਸ਼ਾ ਛੁਡਾਊ ਕੇਂਦਰ ਸਥਿਤ ਹੈ। ਘਾਬਦਾਂ ਵਿੱਚ 50 ਬੈੱਡਾਂ ਦਾ ਨਸ਼ਾ ਛੁਡਾਊ ਕੇਂਦਰ ਹੈ ਜਿਸ ਕਾਰਨ ਗੁਰੂ ਨਾਨਕ ਸਰਾਂ ਦੀ ਲੋਕਾਂ ਦੀ ਸਹੂਲਤ ਲਈ ਜ਼ਿਆਦਾ ਜ਼ਰੂਰਤ ਹੈ।
ਉਧਰ, ਸਾਇੰਟਿਫਿਕ ਅਵੇਅਰਨੈੱਸ ਐਂਡ ਸੋਸ਼ਲ ਵੈੱਲਫੇਅਰ ਫੋਰਮ ਦੇ ਪ੍ਰਧਾਨ ਡਾ. ਏ.ਐੱਸ ਮਾਨ, ਸੀਨੀਅਰ ਸਿਟੀਜ਼ਨ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਪਾਲਾ ਮੱਲ ਸਿੰਗਲਾ, ਬਿਰਧ ਆਸ਼ਰਮ ਬਡਰੁੱਖਾਂ ਦੇ ਪ੍ਰਧਾਨ ਬਲਦੇਵ ਸਿੰਘ ਗੋਸਲ, ਆਰੀਆ ਸਮਾਜ ਦੇ ਪ੍ਰਧਾਨ ਜਗਨ ਨਾਥ ਗੋਇਲ ਅਤੇ ਵਪਾਰ ਮੰਡਲ ਦੇ ਪ੍ਰਧਾਨ ਜਸਵਿੰਦਰ ਸਿੰਘ ਪ੍ਰਿੰਸ ਨੇ ਕਿਹਾ ਹੈ ਕਿ ਨਸ਼ਾ ਛੁਡਾਊ ਕੇਂਦਰ ਤੋਂ ਗੁਰੂ ਨਾਨਕ ਸਰਾਂ ਨੂੰ ਖਾਲੀ ਕਰਾਉਣ ਦੀ ਮੰਗ ਅਣਉਚਿਤ ਹੈ ਜਿਸ ਨੂੰ ਨਾ ਮੰਨਿਆ ਜਾਵੇ।