ਪੱਤਰ ਪ੍ਰੇਰਕ
ਤਪਾ ਮੰਡੀ, 10 ਅਗਸਤ
ਟਿਕਰੀ ਸਰਹੱਦ ’ਤੇ ਕਿਸਾਨ ਮੋਰਚੇ ਵਿੱਚ ਪਿਛਲੇ 8 ਮਹੀਨਿਆਂ ਤੋਂ ਲੰਗਰ ਦੀ ਸੇਵਾ ਕਰਨ ਉਪਰੰਤ ਰੇਲ ਗੱਡੀ ਰਾਹੀਂ ਪਿੰਡ ਪਰਤ ਰਹੇ ਇੱਕ ਨੌਜਵਾਨ ਦੀ ਕੁੱਟਮਾਰ ਤੇ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਦਿੱਲੀ ਤੋਂ ਰੇਲਗੱਡੀ ਵਿੱਚ ਬੈਠੇ ਪਿੰਡ ਤਾਜੋਕੇ ਦੇ ਜਗਤਾਰ ਸਿੰਘ ਉਰਫ਼ ਕਾਲਾ ਪੁੱਤਰ ਮਹਿੰਦਰ ਸਿੰਘ ਨੂੰ ਕਿਸੇ ਵਿਅਕਤੀ ਨੇ ਰਸਤੇ ਵਿੱਚ ਕੁਝ ਖੁਆ ਦਿੱਤਾ ਕੇ ਉਸ ਦੀ ਕੁੱਟਮਾਰ ਕੀਤੀ। ਉਹ ਲੁਟੇਰਾ ਉਸਦਾ ਬੈਗ ਅਤੇ ਪੈਸੇ ਲੈ ਕੇ ਫ਼ਰਾਰ ਹੋ ਗਿਆ। ਕੁਝ ਲੋਕਾਂ ਨੇ ਉਸਨੂੰ ਨੀਮ ਬੇਹੋਸ਼ੀ ਦੀ ਹਾਲਤ ਵਿੱਚ ਬੀਕਾਨੇਰ ਦੇ ਪੀਬੀਐੱਮ ਹਸਪਤਾਲ ਭਰਤੀ ਕਰਵਾਇਆ। ਇਹ ਖ਼ਬਰ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਮਗਰੋਂ ਜਗਤਾਰ ਸਿੰਘ ਦਾ ਪਿਤਾ ਹਸਪਤਾਲ ਪੁੱਜਾ। ਬੀਕਾਨੇਰ ਤੋਂ ਇੱਕ ਪ੍ਰਾਈਵੇਟ ਐਂਬੂਲੈਂਸ ਦਾ ਮਾਲਕ ਅੱਜ ਉਸ ਨੂੰ ਪਿੰਡ ਤਾਜੋਕੇ ਉਸ ਦੇ ਘਰ ਛੱਡ ਗਿਆ।