ਪੱਤਰ ਪ੍ਰੇਰਕ
ਜੰਡਿਆਲਾ ਗੁਰੂ, 19 ਜਨਵਰੀ
ਬੀਤੇ ਸਾਲ 2020 ਵਿੱਚ ਹਲਕਾ ਜੰਡਿਆਲਾ ਗੁਰੂ ਅਧੀਨ ਪੈਂਦੇ ਪਿੰਡ ਮੁੱਛਲ ਅਤੇ ਉਸ ਦੇ ਆਸ ਪਾਸ ਦੇ ਇਲਾਕਿਆਂ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਲਗਪਗ 150 ਦੇ ਕਰੀਬ ਵਿਅਕਤੀਆਂ ਦੀਆਂ ਜਾਨਾਂ ਗਈਆਂ ਸਨ ਜਿਸ ਦੇ ਵਿਰੋਧ ਵਿੱਚ ਆਮ ਆਦਮੀ ਪਾਰਟੀ ਦੇ ਹਲਕਾ ਜੰਡਿਆਲਾ ਗੁਰੂ ਤੋਂ ਉਮੀਦਵਾਰ ਹਰਭਜਨ ਸਿੰਘ ਈਟੀਓ ਦੀ ਅਗਵਾਈ ਵਿੱਚ ਹਲਕਾ ਜੰਡਿਆਲਾ ਗੁਰੂ ਦੇ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਦੀ ਰਿਹਾਇਸ਼ ਅਤੇ ਜ਼ਿਲ੍ਹਾ ਕਚਹਿਰੀ ਤਰਨਤਾਰਨ ਵਿਖੇ ਰੋਸ ਪ੍ਰਦਰਸ਼ਨ ਕੀਤੇ ਗਏ ਸਨ ਜਿਸ ਕਾਰਨ ਆਪ ਵਰਕਰਾਂ ਵਿਰੁੱਧ ਤਰਨਤਾਰਨ ਵਿਖੇ ਪਰਚੇ ਦਰਜ ਕੀਤੇ ਗਏ ਸਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹੋਇਆਂ ‘ਆਪ’ ਦੇ ਉਮੀਦਵਾਰ ਹਰਭਜਨ ਸਿੰਘ ਈਟੀਓ ਅਤੇ ਸ਼ਹਿਰੀ ਪ੍ਰਧਾਨ ਆਪ ਸਰਬਜੀਤ ਸਿੰਘ ਡਿੰਪੀ ਨੇ ਦੱਸਿਆ ਉਸ ਸਮੇਂ ਸ਼ਰਾਬ ਮਾਫ਼ੀਏ ਅਤੇ ਸਰਕਾਰ ਖ਼ਿਲਾਫ਼ ਕੀਤੇ ਰੋਸ ਪ੍ਰਦਰਸ਼ਨਾਂ ਕਾਰਨ ਸਰਕਾਰ ਦੀ ਸ਼ਹਿ ’ਤੇ ਉਨ੍ਹਾਂ ਉੱਪਰ ਕੌਮੀ ਮਾਰਗ ਰੋਕਣ ਦੇ ਝੂਠੇ ਕੇਸ ਦਰਜ ਕੀਤੇ ਗਏ ਸਨ।
ਹੁਣ ਜਦੋਂ ਵਿਧਾਨ ਸਭਾ ਚੋਣਾਂ ਦਾ ਐਲਾਨ ਹੋ ਚੁੱਕਾ ਹੈ ਅਤੇ ਉਹ ਜੰਡਿਆਲਾ ਗੁਰੂ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੀ ਹਨ, ਇਸ ਸਮੇਂ ਅਦਾਲਤ ਵੱਲੋਂ ਉਨ੍ਹਾਂ ਦੇ ਗੈਰ-ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤੇ ਗਏ। ਇਸ ਉਪਰੰਤ ਮਾਣਯੋਗ ਜ਼ਿਲ੍ਹਾ ਅਦਾਲਤ ਤਰਨਤਾਰਨ ਵਿੱਚੋਂ ਆਪਣੇ ਵਕੀਲ ਰਾਹੀਂ ਜ਼ਮਾਨਤ ਦੀ ਅਰਜ਼ੀ ਦਿੱਤੀ ਗਈ ਸੀ, ਅਦਾਲਤ ਨੇ ਜ਼ਮਾਨਤ ਅਰਜ਼ੀ ਸਵੀਕਾਰ ਕਰ ਲਈ ਹੈ।